ਟੈਕਸ ਬਾਰ ਅਤੇ ਵਪਾਰਕ ਸੰਸਥਾਵਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ
ਪੰਜਾਬ ਟੈਕਸ ਬਾਰ ਐਸੋਸੀਏਸ਼ਨ, ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨਜ਼ (ਸੇਲਜ਼ ਟੈਕਸ) ਅਤੇ ਵੱਖ-ਵੱਖ ਵਪਾਰਕ ਸੰਸਥਾਵਾਂ ਨੇ ਪੰਜਾਬ ਸਰਕਾਰ ਵੱਲੋਂ ਵੈਟ ਅਤੇ ਜੀ ਐੱਸ ਟੀ ਰਿਫੰਡ ਜਾਰੀ ਕਰਨ ਵਿੱਚ ਲੰਬੇ ਸਮੇਂ ਤੋਂ ਹੋ ਰਹੀ ਦੇਰੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਗਲੇ 10 ਦਿਨਾਂ ਦੇ ਅੰਦਰ ਅੰਦਰ ਪੈਂਡਿੰਗ ਰਿਫੰਡ ਜਾਰੀ ਨਾ ਕੀਤੇ ਗਏ, ਤਾਂ ਪੰਜਾਬ ਭਰ ਵਿੱਚ ਸੰਘਰਸ਼ ਕੀਤਾ ਜਾਵੇਗਾ। ਅੱਜ ਇੱਥੇ ਟੈਕਸ ਬਾਰ ਐਸੋਸੀਏਸ਼ਨ ਅਤੇ ਪੰਜਾਬ ਦੇ ਵਪਾਰ ਤੇ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਿਲ ਸਰੀਨ ਨੇ ਕਿਹਾ ਹੈ ਕਿ ਰਿਫੰਡਾਂ ਵਿੱਚ ਹੋ ਰਹੀ ਇਹ ਦੇਰੀ ਸੂਬੇ ਦੇ ਕਰਦਾਤਾਵਾਂ ਖਾਸਕਰ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਗੰਭੀਰ ਵਿੱਤੀ ਮੁਸ਼ਕਲਾਂ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਪਣੀ ਵਰਕਿੰਗ ਕੈਪੀਟਲ ਲਈ ਸਮੇਂ ਸਿਰ ਰਿਫੰਡਾਂ ’ਤੇ ਨਿਰਭਰ ਕਰਦੇ ਹਨ।
ਸ੍ਰੀ ਸਰੀਨ ਨੇ ਦਾਅਵਾ ਕੀਤਾ ਕਿ ਕਈ ਵਾਰ ਮੈਮੋਰੰਡਮ ਅਤੇ ਭਰੋਸਿਆਂ ਦੇ ਬਾਵਜੂਦ ਬਹੁਤ ਸਾਰੇ ਰਿਫੰਡ ਅਰਜ਼ੀਆਂ, ਜੋ ਕਈ ਮਹੀਨਿਆਂ ਤੋਂ ਲੰਬਿਤ ਹਨ, ਦਾ ਹਾਲੇ ਵੀ ਨਿਪਟਾਰਾ ਨਹੀਂ ਹੋਇਆ। ਇਸ ਕਰਕੇ ਨਕਦੀ ਦੀ ਘਾਟ ਕਾਰੋਬਾਰ ਵਿੱਚ ਰੁਕਾਵਟ ਅਤੇ ਪੰਜਾਬ ਦੇ ਵਪਾਰਕ ਮਾਹੌਲ ਵਿੱਚ ਭਰੋਸੇ ਦੀ ਕਮੀ ਪੈਦਾ ਕਰ ਰਹੀ ਹੈ।
ਵੱਖ-ਵੱਖ ਸੰਗਠਨਾਂ ਅਤੇ ਵਪਾਰਕ ਮੰਡਲਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਰਿਫੰਡ ਜਾਰੀ ਕਰਨਾ ਕੋਈ ਰਿਆਇਤ ਨਹੀਂ, ਸਗੋਂ ਕਰਦਾਤਾ ਦਾ ਕਾਨੂੰਨੀ ਅਧਿਕਾਰ ਹੈ। ਵਾਜ਼ਿਬ ਰਿਫੰਡ ਨੂੰ ਰੋਕਣਾ ਵੈਟ ਤੇ ਜੀ ਐੱਸ ਟੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਵਪਾਰਕ ਬਿਰਾਦਰੀ ਤੇ ਪ੍ਰਸ਼ਾਸਨ ਵਿਚਕਾਰ ਭਰੋਸਾ ਘਟਾਉਂਦਾ ਹੈ।
ਉਨ੍ਹਾਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਵਿੱਤ ਕਮਿਸ਼ਨਰ (ਟੈਕਸੇਸ਼ਨ) ਨੂੰ ਅਪੀਲ ਕੀਤੀ ਹੈ ਕਿ ਸਾਰੇ ਲੰਬਿਤ ਵੈਟ ਅਤੇ ਜੀ ਐੱਸ ਟੀ ਰਿਫੰਡ ਤੁਰੰਤ ਜਾਰੀ ਕੀਤੇ ਜਾਣ ਅਤੇ ਭਵਿੱਖ ਦੇ ਰਿਫੰਡ ਦਾਅਵਿਆਂ ਲਈ ਪਾਰਦਰਸ਼ੀ ਤੇ ਸਮਾਂਬੱਧ ਮਕੈਨਿਜ਼ਮ ਬਣਾਇਆ ਜਾਵੇ ਅਤੇ ਗੈਰ-ਜ਼ਰੂਰੀ ਦੇਰੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਮੌਕੇ ਰਾਜ ਕੁਮਾਰ ਸਿੰਗਲਾ ਪ੍ਰਧਾਨ ਫਾਸਟਰਨ ਸਪਲਾਇਰਜ਼ ਐਸੋਸੀਏਸ਼ਨ, ਪਰਵੀਨ ਗੋਇਲ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਪ੍ਰਦੀਪ ਸ਼ਰਮਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਆਯੂਸ਼ ਅਗਰਵਾਲ, ਵਿਸ਼ਾਲ ਪੁਰੀ, ਨਵਦੀਪ ਸਿੰਘ, ਬੋਬੀ ਜਿੰਦਲ, ਬੀ ਕੇ ਗੁਪਤਾ, ਰੁਪਿੰਦਰ ਕਾਂਸਲ, ਤਰਲੋਕ ਭੱਲਾ, ਅਰੁਣ ਕਨਵਲ, ਸਾਕੇਤ ਗਰਗ, ਨਰੇਸ਼ ਗਾਬਾ ਅਤੇ ਜਤਿੰਦਰ ਮਿੱਤਲ ਆਦਿ ਵੀ ਹਾਜ਼ਰ ਸਨ।
