Ludhiana news: ਨੂੰ ਟਰੈਫਿਕ ਜਾਮ ਤੋਂ ਨਿਜਾਤ ਦੇਣ ਦਾ ਬੀੜਾ ਚੁੱਕਿਆ
ਸੜਕਾਂ ’ਤੇ ‘ਆਮ ਆਦਮੀ’ ਬਣ ਕੇ ਘੁੰਮ ਰਿਹੈ ਆਈ ਪੀ ਐੱਸ ਅਫਸਰ; ਦੋ ਹਫ਼ਤਿਆਂ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਚੌਕਾਂ ਦਾ ਦੌਰਾ
ਸਮਾਰਟ ਸਿਟੀ ਲੁਧਿਆਣਾ ਦੇ ਲੋਕਾਂ ਨੂੰ ਟਰੈਫਿਕ ਦੇ ਚੱਕਰਵਿਊ ਵਿੱਚੋਂ ਕੱਢਣ ਲਈ ਲੁਧਿਆਣਾ ਪੁਲੀਸ ਦੇ ਨਵ-ਨਿਯੁਕਤ ਆਈ ਪੀ ਐੱਸ ਅਫਸਰ ਡੀ ਸੀ ਪੀ ਅਰਵਿੰਦਰ ਮੀਣਾ ਸ਼ਹਿਰ ਵਿੱਚ ‘ਆਮ ਆਦਮੀ’ ਬਣ ਕੇ ਸ਼ਹਿਰ ਦੀ ਟਰੈਫਿਕ ਸਮੱਸਿਆਵਾਂ ਨੂੰ ਜਾਣ ਰਿਹਾ ਹੈ। ਸਿਵਲ ਕੱਪੜੇ, ਬਿਨਾਂ ਗੰਨਮੈਨ ਅਤੇ ਪ੍ਰਾਈਵੇਟ ਗੱਡੀ ਵਿੱਚ ਬੈਠ ਕੇ ਆਈ ਪੀ ਐੱਸ ਅਰਵਿੰਦਰ ਮੀਣਾ ਪਿਛਲੇ 15 ਦਿਨਾਂ ਤੋਂ ਰੋਜ਼ਾਨਾ ਸਵੇਰੇ ਤੇ ਸ਼ਾਮ ਟਰੈਫਿਕ ਦੇ ਸਮੇਂ ਸ਼ਹਿਰ ਦੀਆਂ ਸੜਕਾਂ ’ਤੇ ਨਿਕਲਦੇ ਹਨ ਤੇ ਕਾਪੀ ਪੈੱਨ ਲੈ ਕੇ ਉੱਥੇ ਟਰੈਫਿਕ ਕਿਉਂ ਲੱਗ ਰਿਹਾ ਹੈ? ਸੜਕਾਂ ਕਿਵੇਂ ਦੀਆਂ ਹਨ? ਲਾਲ ਬੱਤੀ ਚੱਲ ਰਹੀ ਹੈ ਜਾਂ ਨਹੀਂ, ਲਾਲ ਬੱਤੀ ਦੇ ਸਮੇਂ ਵਿੱਚ ਕੀ ਤਬਦੀਲੀ ਕੀਤੀ ਜਾਣੀ ਹੈ? ਇਹ ਸਭ ਨੋਟ ਕਰਦੇ ਹਨ। ਆਈ ਪੀ ਐੱਸ ਸ੍ਰੀ ਮੀਣਾ ਦਾ ਕਹਿਣਾ ਹੈ ਕਿ ਉਹ ਜਲਦ ਹੀ ਟਰੈਫਿਕ ਨਾਲ ਸਬੰਧਤ ਸਾਰੇ ਹੀ ਬਲੈਕ ਸਪੋਟ ’ਤੇ ਆਪਣਾ ਦੌਰਾ ਪੂਰਾ ਕਰਨ ਲੈਣਗੇ ਤੇ ਉਸ ਤੋਂ ਬਾਅਦ ਸੁਧਾਰ ਦਾ ਕੰਮ ਸ਼ੁਰੂ ਹੋਵੇਗਾ। ਡੀ ਸੀ ਪੀ ਅਰਵਿੰਦ ਮੀਣਾ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਟਰੈਫਿਕ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ। ਉਹ ਸ਼ਹਿਰ ਵਿੱਚ ਨਵੇਂ ਹਨ ਅਤੇ ਹੁਣ ਤੱਕ ਦੇ ਸਰਵੇਖਣ ਅਨੁਸਾਰ ਜਾਮ ਦੀ ਸਮੱਸਿਆ ਕਾਫ਼ੀ ਵੱਡੀ ਹੈ। ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਲੁਧਿਆਣਾ ਆਪਣੇ ਆਪ ਵਿੱਚ ਵੱਖਰੀ ਪਛਾਣ ਰੱਖਦਾ ਹੈ ਅਤੇ ਇੱਥੇ ਕੰਮ ਕਰਨ ਦਾ ਵੱਖਰਾ ਤਜਰਬਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਉਹ ਪ੍ਰਾਈਵੇਟ ਗੱਡੀ ਵਿੱਚ ਆਮ ਨਾਗਰਿਕ ਵਾਂਗ ਘੁੰਮ ਕੇ ਟਰੈਫਿਕ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ। ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸ ਚੌਕ ’ਤੇ ਕਿੰਨੇ ਮੁਲਾਜ਼ਮ ਤਾਇਨਾਤ ਹਨ ਅਤੇ ਉਹ ਆਪਣੀ ਡਿਊਟੀ ਪ੍ਰਤੀ ਕਿੰਨੇ ਸਰਗਰਮ ਹਨ। ਡੀ ਸੀ ਪੀ ਮੀਣਾ ਨੇ ਦੱਸਿਆ ਕਿ ਉਹ ਹੁਣ ਤੱਕ ਲਗਪਗ 150 ਬਿੰਦੂਆਂ ’ਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ ਨੋਟ ਕਰ ਚੁੱਕੇ ਹਨ। ਕਿਸ ਸੜਕ ’ਤੇ ਕੀ ਪ੍ਰੇਸ਼ਾਨੀ ਹੈ ਅਤੇ ਉਸ ਦਾ ਕੀ ਨਿਪਟਾਰਾ ਹੋ ਸਕਦਾ ਹੈ, ਇਸ ਬਾਰੇ ਵਿਸਥਾਰ ਨਾਲ ਡੇਟਾ ਤਿਆਰ ਕੀਤਾ ਗਿਆ ਹੈ। ਪੁਰਾਣੇ ਟਰੈਫਿਕ ਮਾਹਿਰਾਂ ਅਤੇ ਪੁਰਾਣੀ ਟੀਮ ਦੇ ਕੁੱਝ ਮੈਂਬਰਾਂ ਨਾਲ ਤਾਲਮੇਲ ਕਰ ਕੇ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਰੈਫਿਕ ਪੁਲੀਸ ਦੀ ਟੀਮ ਵਧੀਆ ਕੰਮ ਕਰ ਰਹੀ ਹੈ, ਪਰ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਹੋ ਰਿਹਾ, ਇਸ ਦੇ ਮੁੱਖ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਲੁਧਿਆਣਾ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਉੱਚ ਅਧਿਕਾਰੀਆਂ ਨਾਲ ਚਰਚਾ ਕਰ ਕੇ ਪੂਰੀ ਯੋਜਨਾ ਅਮਲ ਵਿੱਚ ਲਿਆਂਦਾ ਜਾਵੇਗਾ।

