ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਸਤੰਬਰ
ਨਜ਼ਦੀਕੀ ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਬ੍ਰਹਮਸਾਗਰ ਮਹਾਰਾਜ ਭੂਰੀ ਵਾਲਿਆਂ ਦੇ 161ਵੇਂ ਅਵਤਾਰ ਦਿਹਾੜੇ ਸਬੰਧੀ ਸਾਲਾਨਾ ਸਮਾਗਮ ਅੱਜ ਭੋਗ ਪਾਉਣ ਉਪਰੰਤ ਸਮਾਪਤ ਹੋ ਗਏ। ਇਸੇ ਦੌਰਾਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 39ਵੀਂ ਬਰਸੀ ਸਬੰਧੀ ਅਖੰਡ ਪਾਠਾਂ ਦੀ ਪੰਦਰਵੀਂ ਲੜੀ ਅੱਜ ਆਰੰਭ ਹੋ ਗਈ। ਇਹ ਪੰਜ ਰੋਜ਼ਾ ਸਾਲਾਨਾ ਸਮਾਗਮ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਟਰੱਸਟ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਸਤਿਸੰਗ ਕੀਰਤਨ ਸਮੇਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਗਰੀਬਦਾਸੀ ਭੂਰੀ ਵਾਲੀ ਸੰਪਰਦਾਇ ਦਾ ਮੁੱਖ ਮਿਸ਼ਨ ਧਰਮ ਦੀ ਪਾਲਣਾ, ਹੋਰਨਾਂ ਧਰਮਾਂ ਦਾ ਅਥਾਹ ਸਤਿਕਾਰ, ਮਿਲਵਰਤਨ ਨੂੰ ਵਧਾਉਣਾ ਅਤੇ ਸਮਾਜ ਦੀ ਸੇਵਾ ਕਰਨਾ ਹੈ। ਸਮਾਗਮ ਦੌਰਾਨ ਸੁਖਵਿੰਦਰ ਸਿੰਘ ਸੰਘੇੜਾ ਕੈਲੇਫੋਰਨੀਆ ਅਤੇ ਸਵਾਮੀ ਹੰਸਾ ਨੰਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਵਾਮੀ ਓਮਾ ਨੰਦ, ਫਾਊਂਡੇਸ਼ਨ ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਜਸਬੀਰ ਕੌਰ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸੰਤ ਪ੍ਰਿਤਪਾਲ ਸਿੰਘ ਮਲੇਸ਼ੀਆ, ਸੰਤ ਬਾਬਾ ਸੁਖਵਿੰਦਰ ਸਿੰਘ ਬੁਲਾਰਾ ਹਾਜ਼ਰ ਸਨ।
ਸ੍ਰੀ ਗਰੀਬਦਾਸੀ ਗੁਰਬਾਣੀ ਵਿੱਚੋਂ ਨਿੱਤਨੇਮ ਸਟੀਕ ਰਿਲੀਜ਼
ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਪਿਛਲੇ ਸਾਲਾਂ ਤੋਂ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਗੁਰਬਾਣੀ ਨੂੰ ਗ੍ਰੰਥਾਂ, ਸੈਂਚੀਆਂ ਵਿੱਚ ਨਵੀਨ ਤਕਨੀਕ ਹਿੰਦੀ, ਪੰਜਾਬੀ ਵਿੱਚ ਸੰਜੋਣ ਦੀ ਪ੍ਰਕਿਰਿਆ ਨੂੰ ਹੋਰ ਅੱਗੇ ਤੋਰਦਿਆਂ ਅੱਜ ਨਿੱਤਨੇਮ ਸਟੀਕ (ਪੰਜਾਬੀ ਅਨੁਵਾਦ) ਰਿਲੀਜ਼ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਨਿੱਤਨੇਮ ਸਟੀਕ (ਪੰਜਾਬੀ) ਤੋਂ ਪਹਿਲਾਂ ਪਿਛਲੇ ਸਾਲ ਨਿੱਤਨੇਮ (ਹਿੰਦੀ) ਅਨੁਵਾਦ, ਜਗਤਗੁਰੂ ਬਾਬਾ ਗਰੀਬਦਾਸ ਬਾਣੀ ਦੇ ਦੋ ਭਾਗ ਸੈਂਚੀਆਂ, ਬਾਣੀ ਦੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿੱਚ ਆਨਲਾਈਨ ਐਪ ਤਿਆਰ ਕਰਨ ਵਿੱਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਪਹਿਲਕਦਮੀ ਕੀਤੀ ਗਈ ਹੈ।