
ਖੇਤਾਂ ਵਿੱਚ ਪਾਣੀ ਭਰਨ ਕਾਰਨ ਨੁਕਸਾਨੀ ਕਣਕ ਬਾਰੇ ਦੱਸਦੇ ਹੋਏ ਕਿਸਾਨ।
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਦਸੰਬਰ
ਇੱਥੋਂ ਨੇੜਲੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਲੰਘਦੇ ਸਤਲੁਜ ਦਰਿਆ ’ਚ ਅਚਾਨਕ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਨੇੜਲੀ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ। ਬਹੁਤ ਸਾਰੇ ਕਿਸਾਨ ਦਰਿਆ ਦੇ ਕੰਢੇ ਪੈਂਦੀ ਜ਼ਮੀਨ ’ਤੇ ਖੇਤੀ ਕਰਦੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਣਕ ਬੀਜਣ ’ਤੇ ਹੁਣ ਤੱਕ ਸੱਤ ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚਾ ਕਰ ਚੁੱਕੇ ਹਨ। ਇਸ ਜ਼ਮੀਨ ਵਿੱਚ ਪਾਣੀ ਭਰ ਜਾਣ ਕਰ ਕੇ ਕਣਕ ਬਰਬਾਦ ਹੋ ਗਈ ਹੈ ਅਤੇ ਉਹ ਹੁਣ ਕੋਈ ਫ਼ਸਲ ਹੋਰ ਨਹੀਂ ਬੀਜ ਸਕਣਗੇ। ਜਿਨ੍ਹਾਂ ਕਿਸਾਨਾਂ ਦੀ ਫ਼ਸਲ ਬਰਬਾਦ ਹੋਈ ਹੈ ਉਨ੍ਹਾਂ ‘ਚ ਜਗਦੇਵ ਸਿੰਘ ਪੁੱਤਰ ਕਿਸ਼ਨ ਸਿੰਘ, ਸੁਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਸਤਨਾਮ ਸਿੰਘ ਪੁੱਤਰ ਸਜਵਾਰਾ ਸਿੰਘ ਵਾਸੀਪਿੰਡ ਗੋਰਸੀਆਂ ਖਾਨ ਮੁਹੰਮਦ ਸ਼ਾਮਲ ਹਨ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਦਹਾਕਿਆਂ ਤੋਂ ਦਰਿਆ ਦੇ ਨਾਲ ਲਗਦੇ ਖੇਤਾਂ ‘ਚ ਵਾਹੀ ਕਰਦੇ ਹਨ। ਬਰਸਾਤਾਂ ਦੇ ਮੌਸਮ ‘ਚ ਰਿਕਾਰਡ ਮੀਂਹ ਪੈਣ ’ਤੇ ਹੀ ਪਹਿਲਾਂ ਅਜਿਹਾ ਹੁੰਦਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਫ਼ਸਲਾਂ ਦਾ ਬਚਾਅ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਪਤਾ ਨਹੀਂ ਕਿੱਥੋਂ ਅਚਨਚੇਤ ਪਾਣੀ ਆ ਗਿਆ ਜਿਸ ਨੇ ਉਨ੍ਹਾਂ ਦੇ ਖੇਤਾਂ ਤੱਕ ਮਾਰ ਕੀਤੀ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਸਰਕਾਰ ਤੋਂ ਮੰਗ ਕੀਤੀ ਤੁਰੰਤ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰ ਕੇ ਕਿਸਾਨਾਂ ਲਈ ਮੁਆਵਜ਼ਾ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਇਹ ਕੋਈ ਥੋੜ੍ਹੀ ਜ਼ਮੀਨ ਨਹੀਂ ਸਗੋਂ ਦਰਿਆ ਦੇ ਨਾਲ ਵੱਡੇ ਪੱਧਰ ’ਤੇ ਖੇਤੀ ਹੁੰਦੀ ਹੈ। ਹੁਣ ਤੱਕ ਪ੍ਰਤੀ ਏਕੜ ਸੱਤ ਹਜ਼ਾਰ ਰੁਪਏ ਖ਼ਰਚਣ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਜਿਸ ਦੀ ਭਰਪਾਈ ਜ਼ਰੂਰੀ ਹੈ।
ਨੁਕਸਾਨ ਦੀ ਕੋਈ ਸੂਚਨਾ ਨਹੀਂ: ਅਧਿਕਾਰੀ
ਨਾਇਬ ਤਹਿਸੀਲਦਾਰ ਸਿੱਧਵਾਂ ਬੇਟ ਮਲੂਕ ਸਿੰਘ ਨੇ ਕਿਹਾ ਕਿ ਉਹ ਅੱਜ ਸ਼ਾਮ ਪੰਜ ਵਜੇ ਤੱਕ ਦਫ਼ਤਰ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਕਿਸੇ ਪਾਸਿਓਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਭਲਕੇ ਇਸ ਬਾਰੇ ਪਤਾ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਦਰਿਆ ਵਿੱਚ ਪਾਣੀ ਵੱਧ ਆਇਆ ਹੋਵੇ ਪਰ ਕਿਸੇ ਕਿਸਾਨ ਦੇ ਖੇਤ ਵਿਚ ਇਸ ਪਾਣੀ ਦੀ ਮਾਰ ਤੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ