Suspicious Death: ਪੁੱਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ’ਤੇ ਪੋਸਟਮਾਰਟਮ ਕਰਵਾਇਆ
ਮਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ; ਪਰਿਵਾਰ ਤੋਂ ਵੱਖ ਰਹਿੰਦਾ ਸੀ ਪਿਤਾ
ਨੇੜਲੇ ਪਿੰਡ ਲੁਹਾਰੀਆਂ ਦੇ ਵਾਸੀ ਨੌਜਵਾਨ ਜਸਮੀਰ ਸਿੰਘ ਘੁੰਮਣ (28) ਦੀ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਮੌਤ ਤੋਂ ਬਾਅਦ ਮਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪਰਮਜੀਤ ਕੌਰ ਨੇ ਕਿਹਾ ਕਿ ਉਸ ਦਾ ਪੁੱਤਰ ਤੇ ਨੂੰਹ ਉਸ ਨਾਲ ਰਹਿੰਦੇ ਹਨ। ਸਾਹਮਣੇ ਵਾਲੀ ਕੋਠੀ ਵਿਚ ਉਸ ਦਾ ਪਤੀ ਵੱਖ ਰਹਿੰਦਾ ਹੈ। 24 ਸਤੰਬਰ ਨੂੰ ਉਸ ਦੇ ਪੁੱਤਰ ਜਸਮੀਰ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਸ ਨੂੰ ਲੁਧਿਆਣਾ ਦਾਖਲ ਕਰਵਾਇਆ ਗਿਆ। 28 ਸਤੰਬਰ ਨੂੰ ਜਸਮੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇੇ ਕੋਈ ਸਾਜ਼ਿਸ਼ ਜਾਂ ਹੋਰ ਅਪਰਾਧਿਕ ਕਾਰਵਾਈ ਕੀਤੀ ਹੋ ਸਕਦੀ ਹੈ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਜਸਮੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਤੇ ਲਾਸ਼ ਵਾਰਿਸਾਂ ਹਵਾਲੇ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮਾਂ ਪਿਓ ਹੋਏ ਆਹਮੋ-ਸਾਹਮਣੇ
ਪੋਸਟ ਮਾਰਟਮ ਜਦੋਂ ਲਾਸ਼ ਪਿੰਡ ਲੁਹਾਰੀਆਂ ਪੁੱਜੀ ਤਾਂ ਮਾਂ ਪਰਮਜੀਤ ਕੌਰ ਵਲੋਂ ਉਸ ਨੂੰ ਆਪਣੇ ਘਰ ਲਿਜਾਣਾ ਚਾਹਿਆ ਜਦਕਿ ਉਸ ਦਾ ਪਿਤਾ ਕਸ਼ਮੀਰ ਸਿੰਘ ਆਪਣੇ ਘਰ ਲੈ ਗਿਆ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੋਵਾਂ ਪਰਿਵਾਰਾਂ ਨੂੰ ਸਮਝਾ ਕੇ ਦੇਰ ਰਾਤ ਸਮਸ਼ਾਨਘਾਟ ਵਿੱਚ ਨੌਜਵਾਨ ਜਸਮੀਰ ਸਿੰਘ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਮਾਂ-ਪਿਓ ਦੇ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਕਾਰਨ ਅਜਿਹਾ ਰੌਲਾ ਪਿਆ। ਪਿਤਾ ਕਸ਼ਮੀਰ ਸਿੰਘ ਨੇ ਕਿਹਾ ਕਿ ਜਸਮੀਰ ਸਿੰਘ ਦੀ ਮੌਤ ਬੀਮਾਰੀ ਕਾਰਨ ਹੋਈ ਹੈੈ।

