ਲਾਈਵ ਪੇਂਟਿੰਗ ਬਣਾ ਕੇ ਕਿਸਾਨ ਸੰਘਰਸ਼ ਦਾ ਸਮਰਥਨ

ਲਾਈਵ ਪੇਂਟਿੰਗ ਬਣਾ ਕੇ ਕਿਸਾਨ ਸੰਘਰਸ਼ ਦਾ ਸਮਰਥਨ

ਲਾਈਵ ਪੇਂਟਿੰਗ ਦੌਰਾਨ ਚਿੱਤਰਕਾਰੀ ਕਰਦੀ ਹੋਈ ਇੱਕ ਕਲਾਕਾਰ।

ਸਤਵਿੰਦਰ ਬਸਰਾ
ਲੁਧਿਆਣਾ, 27 ਜਨਵਰੀ

ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਦੇਸ਼ ਦੀਆਂ ਸਰਹੱਦਾਂ ’ਤੇ ਰੱਖਿਆ ਲਈ ਤਾਇਨਾਤ ਫ਼ੌਜੀਆਂ ਨੂੰ ਸਮਰਪਿਤ ‘ਜੈ ਜਵਾਨ, ਜੈ ਕਿਸਾਨ’ ਨਾਂ ਹੇਠ ਲਾਈਵ ਪੇਂਟਿੰਗਾਂ ਕਰਕੇ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ਗਿਆ।

ਨਵਚੇਤਨਾ ਬਾਲ ਭਲਾਈ ਕਮੇਟੀ ਅਤੇ ਆਰਟਿਸਟ ਵਿੰਗ ਦੇ ਸਹਿਯੋਗ ਨਾਲ ਇਹ ਲਾਈਵ ਪੇਂਟਿੰਗ ਸੈਸ਼ਨ ਸ਼ਹਿਰ ਦੇ ਆਰਤੀ ਚੌਕ ਨੇੜੇ ਪੈਂਦੇ ਇੱਕ ਮਾਲ ਦੇ ਬਾਹਰ ਹੋਇਆ। ਇਸ ਵਿੱਚ ਕਲਾਕਾਰਾਂ ਨੇ ਆਪਣੇ ਅਨੁਭਵ ਰਾਹੀਂ ਅਜਿਹੀਆਂ ਪੇਂਟਿੰਗਾਂ ਤਿਆਰ ਕੀਤੀਆਂ, ਜੋ ਸਮੇਂ ਦੇ ਹਾਲਾਤ ਨੂੰ ਬਾਖੂਬੀ ਬਿਆਨ ਕਰ ਰਹੀਆਂ ਸਨ। ਕਮੇਟੀ ਦੇ ਪ੍ਰਧਾਨ ਸੁਖਧੀਰ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੀ ਆਵਾਜ਼ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 12 ਮਸ਼ਹੂਰ ਚਿੱਤਰਕਾਰਾਂ ਨੇ ਇਸ ਲਾਈਵ ਪੇਂਟਿੰਗ ਵਿੱਚ ਹਿੱਸਾ ਲਿਆ।

ਇਸ ਦੌਰਾਨ 80 ਸਾਲਾ ਹਰਦੇਵ ਕੌਰ ਨੇ ਆਪਣੀ ਪੇਂਟਿੰਗ ਪਿੰਡਾਂ ਦੇ ਪੁਰਾਣੇ ਦ੍ਰਿਸ਼ ਤੋਂ ਸ਼ੁਰੂ ਕਰਕੇ ਅਸੈਂਬਲੀ, ਜਵਾਨ ਤੇ ਕਿਸਾਨ ਮੌਜੂਦਾ ਸੰਘਰਸ਼ ਨੂੰ ਬਿਆਨ ਕੀਤਾ। ਇਸੇ ਤਰ੍ਹਾਂ ਦਵਿੰਦਰ ਕੌਰ ਨੇ ਆਪਣੀ ਪੇਂਟਿੰਗ ਵਿੱਚ ਨੰਗੇ ਪਿੰਡੇ ਕਿਸਾਨ ਨੂੰ ਹਲ ਖਿੱਚਦਾ ਦਿਖਾਇਆ ਗਿਆ। ਇੱਕ ਹੋਰ ਪੇਂਟਿੰਗ ਵਿੱਚ ਚਿੱਤਰਕਾਰ ਅਮਰ ਸਿੰਘ ਨੇ ਇੱਕ ਰਾਜਨੀਤਿਕ ਆਗੂ ਨੂੰ ਨਾਗ ਦੇ ਰੂਪ ਵਿੱਚ ਅਨਾਜ ਦੇ ਢੇਰ ’ਤੇ ਕਬਜ਼ਾ ਕਰਕੇ ਬੈਠਾ ਦਿਖਾਇਆ ਹੈ, ਜਦਕਿ ਕਿਸਾਨ ਉਸ ਦੇ ਸਾਹਮਣੇ ਇੱਕ ਪੰਡ ’ਤੇ ਬੈਠਾ ਦਿਖਾਇਆ ਗਿਆ ਹੈ ਪਰ ਇਸ ਕਲਾਕਾਰ ਨੇ ਕਿਸਾਨ ਦੇ ਹੱਥ ਵਿੱਚ ਤੰਗਲੀ ਦਿਖਾਈ ਹੈ ਜੋ ਇੱਕ ਵੱਖਰੇ ਪਾਸੇ ਇਸ਼ਾਰਾ ਕਰਦੀ ਹੈ। ਇੱਕ ਹੋਰ ਚਿੱਤਰਕਾਰ ਮੋਨਿਕਾ ਨੇ ਇੱਕ ਕਿਸਾਨ ਨੂੰ ਭਾਰਤ ਦੇ ਨਕਸ਼ੇ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਦਿਖਾਇਆ ਹੈ। ਇਨ੍ਹਾਂ ਤੋਂ ਇਲਾਵਾ ਗੋਪਾਲ ਕ੍ਰਿਸ਼ਨ, ਸੋਨੀਆ ਕੁਮਾਰ ਅਤੇ ਅਨੀਸ਼ਾ ਮੋਦੀ ਨੇ ਵੀ ਲਾਈਵ ਪੇਂਟਿੰਗਾਂ ਬਣਾਈਆਂ। ਇਸ ਮੌਕੇ ਕੈਪਟਨ ਵੀਕੇ ਸਿਆਲ, ਅਨਿਲ ਕੁਮਾਰ ਨੇ ਸਾਰੇ ਕਲਾਕਾਰਾਂ ਨੂੰ ਵਧੀਆ ਪੇਂਟਿੰਗਾਂ ਲਈ ਵਧਾਈ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All