ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜਨਵਰੀ
ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਛੋਟੇ-ਛੋਟੇ ਇਲਾਕਿਆਂ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਲਕਾ ਪੱਛਮੀ ਦੇ ਇਲਾਕੇ ਜਵਾਹਰ ਨਗਰ ਕੈਂਪ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਕੇ ਵੋਟਾਂ ਮੰਗੀਆਂ। ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿੱਚ ਆਪਣੇ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਮੀਟਿੰਗਾਂ ਵੀ ਕੀਤੀਆਂ।
ਸੁਖਬੀਰ ਸਿੰਘ ਬਾਦਲ ਮੰਗਲਵਾਰ ਦੀ ਸ਼ਾਮ ਨੂੰ ਹਲਕਾ ਪੱਛਮੀ ’ਚ ਪੁੱਜੇ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਭਾਰਤ ਭੂਸ਼ਣ ਆਸ਼ੂ ’ਤੇ ਵੀ ਹਮਲਾ ਕੀਤਾ ਤੇ ਆਸ਼ੂ ਨੂੰ ਗੁੰਡਾ ਤੱਕ ਕਹਿ ਦਿੱਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੁਰੱਖਿਆ ਚੱਕਰਵਿਊ ਨੂੰ ਤੋੜ ਕੇ ਲੋਕਾਂ ਨਾਲ ਫੋਟੋਆਂ ਵੀ ਖਿਚਵਾਈਆਂ।
ਚੋਣ ਦਫ਼ਤਰ ਦਾ ਉਦਘਾਟਨ
ਲੁਧਿਆਣਾ ( ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਲ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਤਾਂ ਜੋ ਸੂਬੇ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਾਈ ਜਾਵੇ। ਉਹ ਅੱਜ ਵਿਧਾਨ ਸਭਾ ਚੋਣਾਂ ਲਈ ਹਲਕਾ ਪੱਛਮੀ ਦੇ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਹਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਸਮੇਂ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਝੂਠੀ ਅਤੇ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਨ ਵਾਲੀ ਚੰਨੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੀ ਜਿੱਤ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਰੁੱਕੇ ਹੋਏ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ। ਇਸ ਮੌਕੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਹਰਭਜਨ ਸਿੰਘ ਡੰਗ ਵੀ ਹਾਜ਼ਰ ਸਨ।