ਵਿਦਿਆਰਥੀਆਂ ਨੇ ਨਾਟਕ ‘ਬੱਚੇ ਜੋ ਬਚੇ ਨਹੀਂ’ ਖੇਡਿਆ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਭਾਸ਼ਾ ਮੰਚ ਵੱਲੋਂ ਨਾਟਕ ‘ਬੱਚੇ ਜੋ ਬਚੇ ਨਹੀਂ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਪੰਜਾਬੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਦੂਜਾ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਕਰਵਾਇਆ ਗਿਆ। ਜਿਸ ਵਿਚ ਉਕਤ ਕਾਲਜ ਦੇ ਵਿਦਿਆਰਥੀਆਂ ਨੇ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ ‘ਬੱਚੇ ਜੋ ਬਚੇ ਨਹੀਂ’ ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਵਿੱਚ ਉਨ੍ਹਾਂ ਬੱਚਿਆਂ ਦੀ ਕਹਾਣੀ ਦਰਸਾਈ ਗਈ ਜੋ ਵੱਡਿਆਂ ਵੱਲੋਂ ਕੀਤੀ ਗਈ ਰਾਜਨੀਤੀ ਅਤੇ ਆਪਸੀ ਦੁਸ਼ਮਣੀ ਕਰਕੇ ਜ਼ੁਲਮ ਦਾ ਸ਼ਿਕਾਰ ਬਣੇ। ਇਸ ਮੌਕੇ ਵਿਦਿਆਰਥਣ ਪ੍ਰਭਪ੍ਰੀਤ ਕੌਰ ਅਤੇ ਬੈਸਟ ਐਕਟਰਸ ਅਤੇ ਬੱਲੀ ਖਾਨ ਨੇ ਬੈਸਟ ਐਕਟਰ ਦਾ ਪੁਰਸਕਾਰ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ ਨੇ ਭਾਸ਼ਾ ਮੰਚ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
