ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ
1400 ਦੀ ਥਾਂ 2100 ਹਫ਼ਤਾ ਵਸੂਲਣ ਦਾ ਦੋਸ਼; ਰੇਹੜੀ-ਫੜ੍ਹੀ ਵਾਲਿਆਂ ਨੇ ਮੰਡੀ ਬੰਦ ਕਰਨ ਦੀ ਚਿਤਾਵਨੀ ਦਿੱਤੀ
ਸਨਅਤੀ ਸ਼ਹਿਰ ਦੀ ਹੋਲਸੇਲ ਸਬਜ਼ੀ ਮੰਡੀ ਵਿੱਚ ਅੱਜ ਠੇਕੇਦਾਰ ਵੱਲੋਂ ਵਸੂਲੇ ਜਾਂਦੇ ਯੂਜ਼ਰ ਚਾਰਜ਼ਿਜ ਵਿੱਚ ਕੀਤੇ ਗਏ ਭਾਰੀ ਵਾਧੇ ਤੋਂ ਬਾਅਦ ਰੇਹੜੀ-ਫੜ੍ਹੀ ਵਾਲਿਆਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰ ਰੇਹੜੀ-ਫੜ੍ਹੀ ਵਾਲਿਆਂ ਨੇ ਕੰਮ ਬੰਦ ਕਰ ਕੇ ਧਰਨਾ ਦਿੱਤਾ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫੜ੍ਹੀ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਕੋਲੋਂ ਹਫ਼ਤੇ ਦੇ ਪੈਸਿਆਂ ਵਿੱਚ 30 ਤੋਂ 40 ਫੀਸਦੀ ਵਾਧਾ ਕੀਤਾ ਗਿਆ ਹੈ। ਉਧਰ, ਠੇਕੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵਾਂ ਠੇਕਾ ਵੱਧ ਪੈਸੇ ਦੇ ਕੇ ਲਿਆ ਹੈ, ਜਿਸ ਕਰ ਕੇ ਹੁਣ ਇਹ ਚਾਰਜ਼ਿਜ ਵਧਾਏ ਗਏ ਹਨ। ਇਸ ਮਾਮਲੇ ਵਿੱਚ ਮੰਡੀ ਬੋਰਡ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਠੇਕੇਦਾਰ ਨੂੰ ਬਿਠਾ ਕੇ ਰੇਹੜੀ-ਫੜ੍ਹੀ ਵਾਲਿਆਂ ਨਾਲ ਸਮਝੌਤਾ ਕਰਵਾਇਆ। ਸਬਜ਼ੀ ਮੰਡੀ ਵਿੱਚ ਜ਼ਿਆਦਾਤਰ ਰੇਹੜੀ-ਫੜ੍ਹੀ ਪੱਕੇ ਤੌਰ ’ਤੇ ਬੈਠੇ ਹਨ, ਜਿਨ੍ਹਾਂ ਕੋਲੋਂ ਠੇਕੇਦਾਰ ਯੂਜ਼ਰ ਚਾਰਜ਼ਿਜ ਵਸੂਲਦਾ ਹੈ। ਹਰ ਹਫ਼ਤੇ ਸੋਮਵਾਰ ਵਾਲੇ ਦਿਨ ਠੇਕੇਦਾਰ ਦੇ ਕਰਿੰਦੇ ਸਿੰਗਲ ਫੜ੍ਹੀ ਵਾਲੇ ਕੋਲੋਂ 1400 ਰੁਪਏ ਲੈਂਦੇ ਹਨ ਜੋ ਕਿ ਅੱਜ 2100 ਰੁਪਏ ਲੈ ਕੇ ਗਿਆ। ਇਸੇ ਤਰ੍ਹਾਂ ਜਿਸ ਕੋਲੋਂ 2100 ਰੁਪਏ ਲਏ ਜਾ ਰਹੇ ਸਨ, ਉਸ ਕੋਲੋਂ 3100 ਰੁਪਏ ਲਏ ਗਏ। ਸਬਜ਼ੀ ਮੰਡੀ ਵਿੱਚ ਵਸੂਲੀ ਵਿੱਚ ਵਾਧਾ ਕਰਨ ਦੇ ਮੁੱਦੇ ’ਤੇ ਸਾਰੇ ਰਹੇੜੀ-ਫੜ੍ਹੀ ਵਾਲੇ ਇਕਜੁੱਟ ਹੋ ਗਏ। ਆੜ੍ਹਤੀ ਮੋਨੂੰ, ਰਾਜੂ ਮਲਿਕ, ਵਿੰਕਲ, ਵਿਕਾਸ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰੇਹੜੀ-ਫੜ੍ਹੀ ਵਾਲੇ ਉਨ੍ਹਾਂ ਕੋਲ ਆਏ ਸਨ, ਜਿਸ ਤੋਂ ਬਾਅਦ ਉਹ ਸਾਰੇ ਇਕੱਠੇ ਹੋ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਗਏ। ਇਸ ਦੌਰਾਨ ਉਥੇ ਰੇਹੜੀ-ਫੜ੍ਹੀ ਵਾਲਿਆਂ ਨੇ ਧਰਨਾ ਲਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਰੇਹੜੀ-ਫੜ੍ਹੀ ਵਾਲਿਆਂ ਨੇ ਕਿਹਾ ਕਿ ਇਹ ਸ਼ਰੇਆਮ ਧੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਦੀ ਸਿਆਸੀ ਪਹੁੰਚ ਕਾਫ਼ੀ ਉਪਰ ਤੱਕ ਹੈ, ਜਿਸ ਕਰ ਕੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਰੇਹੜੀ-ਫੜ੍ਹੀ ਵਾਲਿਆਂ ਨੇ ਮੰਡੀ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ। ਕਮੇਟੀ ਦੇ ਚੇਅਰਮੈਨ ਨੇ ਠੇਕੇਦਾਰ ਨੂੰ ਵੱਧ ਵਸੂਲੇ ਗਏ ਪੈਸਿਆਂ ਨੂੰ ਅਗਲੇ ਹਫ਼ਤੇ ਵਿੱਚ ਸ਼ਿਫਟ ਕਰਨ ਲਈ ਕਿਹਾ ਤੇ ਦੁਬਾਰਾ ਮੰਡੀ ਦਾ ਕੰਮ ਸ਼ੁਰੂ ਕਰਵਾਇਆ ਗਿਆ।

