ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਰੰਗ-ਮੰਚ ਕਲਾ ਅਤੇ ਅਜੀਜ਼ ਆਰਟ ਪੰਜਾਬ ਫਾਊਡੇਸ਼ਨ ਦੇ ਉਭਰ ਰਹੇ ਨਵੇ ਕਲਾਕਾਰ ਮਨਜਿੰਦਰ ਅਜ਼ੀਜ਼ ਅਤੇ ਸੱਤਾ ਸ਼ੇਰਗਿੱਲ ਵੱਲੋਂ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ ਵਿਸ਼ੇ ਨੂੰ ਦਰਸਾਉਂਦਾ ਨੁੱਕੜ ਨਾਟਕ ‘ਵਹਿੰਗੀ ‘ਦਾ ਸਕੂਲ ਦੇ ਮੰਚ ਉੱਤੇ ਸਫਲ ਮੰਚਨ ਕੀਤਾ ਗਿਆ। ਇਸ ਨੁੱਕੜ ਨਾਟਕ ਦੌਰਾਨ ਕਲਾਕਾਰਾਂ ਨੇ ਜਿਥੇ ਬੱਚਿਆਂ ਨੂੰ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ ਬਾਰੇ ਦੱਸ ਕੇ ਉਨ੍ਹਾਂ ਨੂੰ ਅਧਿਆਪਕ ਦਾ ਸਤਿਕਾਰ ਕਰਨ ਲਈ ਪ੍ਰੇਰਿਆ ਉਥੇ ਹੀ ਕਲਾਕਾਰਾਂ ਨੇ ਅਭਿਨੇ ਕਲਾ ਵਿੱਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ ਇਸ ਕਲਾ ਰਾਹੀਂ ਆਪਣਾ ਸਫਲ ਕੈਰੀਅਰ ਬਣਾਉਣ ਦੀ ਸੇਧ ਵੀ ਦਿੱਤੀ।
ਇਸ ਨੁੱਕੜ ਨਾਟਕ ਰਾਹੀਂ ਕਲਾਕਾਰਾਂ ਨੇ ਜਿੱਥੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਵਿਦਿਆਰਥੀ ਦੇ ਜੀਵਨ ਵਿੱਚ ਅਧਿਆਪਕ ਦੁਆਰਾ ਦਿੱਤਾ ਯੋਗਦਾਨ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਇਕ ਬਿਹਤਰ ਅਤੇ ਕਾਮਯਾਬ ਇਨਸਾਨ ਬਣਾ ਸਕਦਾ ਹੈ, ਉੱਥੇ ਹੀ ਇਹ ਕਲਾਕਾਰ ਇਸ ਸੰਜੀਦਗੀ ਅਤੇ ਗੰਭੀਰਤਾ ਭਰੇ ਵਿਸ਼ੇ ਨੂੰ ਕਮੇਡੀ ਭਰਪੂਰ ਅੰਦਾਜ਼ ਵਿੱਚ ਪੇਸ਼ ਕਰਕੇ ਅੰਤ ਤੱਕ ਦਰਸ਼ਕਾਂ ਦੀ ਦਿਲਚਸਪੀ ਬਣਾਈ ਰੱਖਣ ਵਿੱਚ ਕਾਮਯਾਬ ਵੀ ਰਹੇ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਸਮੂਹ ਸਟਾਫ ਅਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਇਸ ਨੁੱਕੜ ਨਾਟਕ ਦਾ ਖੂਬ ਆਨੰਦ ਮਾਣਿਆ। ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਇਹਨਾਂ ਕਲਾਕਾਰਾਂ ਦੀ ਅਭਿਨੇ ਕਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਸੱਚਮੁੱਚ ਹੀ ਇੱਕ ਅਧਿਆਪਕ ਬੱਚਿਆਂ ਦੇ ਸੰਪੂਰਨ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਜਰੂਰ ਕਰਨਾ ਚਾਹੀਦਾ ਹੈ।