ਆਵਾਰਾ ਕੁੱਤਿਆਂ ਦੇ ਝੁੰਡ ਨੇ ਵਾੜੇ ਵਿੱਚ ਤਾੜੀਆਂ ਬੱਕਰੀਆਂ ’ਤੇ ਰਾਤ ਸਮੇਂ ਹਮਲਾ ਕਰ ਕੇ ਮਾਰ ਦਿੱਤਾ।
ਪੀੜਤ ਚਰਵਾਹੇ ਰਾਜੂ ਸਿੰਘ ਵਾਸੀ ਪਿੰਡ ਆਂਡਲੂ ਨੇ ਦੱਸਿਆ ਕਿ ਉਹ ਭੇਡਾਂ-ਬੱਕਰੀਆਂ ਚਰਾਉਣ ਦਾ ਧੰਦਾ ਕਰਦਾ ਹੈ। ਉਸ ਨੇ ਪਿੰਡ ਲਿੱਤਰਾਂ ਵਿੱਚ ਡਰੇਨ (ਸੇਮ) ਦੇ ਪੁਲ ਨੇੜੇ ਵਾੜਾ ਬਣਾਇਆ ਹੋਇਆ ਹੈ ਅਤੇ ਇਸ ਵਾੜੇ ਵਿੱਚ ਕਰੀਬ 50 ਬੱਕਰੀਆਂ ਰੱਖੀਆਂ ਹੋਈਆਂ ਹਨ। ਬੀਤੇ ਦਿਨ ਉਹ ਸਵੇਰੇ ਬੱਕਰੀਆਂ ਨੂੰ ਚਾਰਨ ਲਈ ਲੈ ਗਿਆ ਅਤੇ ਕੁੱਝ ਕੁ ਬੱਕਰੀਆਂ ਵਾੜੇ ਵਿੱਚ ਹੀ ਛੱਡ ਗਿਆ। ਜਾਨਵਰਾਂ ਦੀ ਰਾਖੀ ਅਤੇ ਦੇਖਭਾਲ ਲਈ ਰੱਖਿਆ ਬੰਦਾ ਬਕਰੀਦ ਕਾਰਨ ਆਪਣੀ ਰਿਸ਼ਤੇਦਾਰੀ ਵਿੱਚ ਮਾਲੇਰਕੋਟਲਾ ਗਿਆ ਹੋਇਆ ਸੀ। ਦੇਰ ਸ਼ਾਮ ਜਦੋਂ ਆ ਕੇ ਦੇਖਿਆ ਤਾਂ ਵਾੜੇ ਵਿੱਚ ਕਰੀਬ ਸੱਤ-ਅੱਠ ਆਵਾਰਾ ਕੁੱਤੇ ਮੌਜੂਦ ਸਨ। ਕੁੱਤਿਆਂ ਨੇ ਵਾੜੇ ਵਿੱਚ ਬੈਠੀਆਂ ਕਰੀਬ 49 ਬੱਕਰੀਆਂ ਨੂੰ ਬੁਰੀ ਤਰ੍ਹਾਂ ਨੋਚ ਕੇ ਮਾਰ ਮੁਕਾਇਆ। ਕਈ ਬੱਕਰੀਆਂ ਨੂੰ ਕੁੱਤਿਆਂ ਨੇ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਬੱਕਰੀਆਂ ਅਤੇ ਮੇਮਣਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਸਰਪੰਚ ਹਰਵਿੰਦਰ ਸਿੰਘ ਆਂਡਲੂ ਅਤੇ ਸਰਪੰਚ ਸਰਬਜੀਤ ਸਿੰਘ ਅਤੇ ਲੋਕਾਂ ਨੇ ਮਰੀਆਂ ਬੱਕਰੀਆਂ ਨੂੰ ਬੀਤੀ ਦੇਰ ਸ਼ਾਮ ਹੀ ਡੂੰਘੇ ਟੋਏ ਵਿੱਚ ਦਫ਼ਨਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਚਰਵਾਹੇ ਰਾਜੂ ਸਿੰਘ ਦਾ ਕਰੀਬ 8 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਹੈ। ਇਲਾਕੇ ਦੇ ਲੋਕਾਂ ਅਤੇ ਪੰਚਾਇਤਾਂ ਨੇ ਪ੍ਰਸ਼ਾਸਨ ਤੋਂ ਰਾਜੂ ਸਿੰਘ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

