ਪਿੰਡ ਇਰਾਕ ’ਚ ਆਵਾਰਾ ਕੁੱਤਿਆਂ ਨੇ ਪੰਜ ਜਣੇ ਵੱਢੇ
ਇਲਾਕੇ ਵਿੱਚ ਆਵਾਰਾ ਕੁੱਤਿਆਂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਅੱਜ ਨੇੜਲੇ ਪਿੰਡ ਇਰਾਕ ’ਚ ਆਵਾਰਾ ਕੁੱਤਿਆਂ ਨੇ ਪੰਜ ਜਣਿਆਂ ਨੂੰ ਵੱਢ ਲਿਆ। ਜਾਣਕਾਰੀ ਅਨੁਸਾਰ ਨੈਣ ਕੁਮਾਰ (15), ਅਭੈ ਕੁਮਾਰ (35), ਹੀਨਾ, ਤਿੰਨ ਸਾਲ ਦੇ ਬੱਚੇ...
ਇਲਾਕੇ ਵਿੱਚ ਆਵਾਰਾ ਕੁੱਤਿਆਂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਅੱਜ ਨੇੜਲੇ ਪਿੰਡ ਇਰਾਕ ’ਚ ਆਵਾਰਾ ਕੁੱਤਿਆਂ ਨੇ ਪੰਜ ਜਣਿਆਂ ਨੂੰ ਵੱਢ ਲਿਆ। ਜਾਣਕਾਰੀ ਅਨੁਸਾਰ ਨੈਣ ਕੁਮਾਰ (15), ਅਭੈ ਕੁਮਾਰ (35), ਹੀਨਾ, ਤਿੰਨ ਸਾਲ ਦੇ ਬੱਚੇ ਅਮਨ ਅਤੇ ਉਸ ਦੀ ਮਾਂ ਮਮਤਾ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਦਾਖ਼ਲ ਮਮਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਨ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਾ ਬੱਚੇ ਦਾ ਸਿਰ ਨੋਚਣ ਲੱਗਿਆ ਅਤੇ ਜਦੋਂ ਰੌਲਾ ਪੈਣ ’ਤੇ ਉਹ ਬਾਹਰ ਆ ਕੇ ਆਪਣੇ ਬੱਚੇ ਨੂੰ ਬਚਾਉਣ ਲੱਗੀ ਤਾਂ ਉਸ ’ਤੇ ਵੀ ਕੁੱਤੇ ਨੇ ਹਮਲਾ ਕਰ ਦਿੱਤਾ। ਮਾਛੀਵਾੜਾ ਦੇ ਸਰਕਾਰੀ ਹਸਪਤਾਲ ’ਚ ਤਾਇਨਾਤ ਸਟਾਫ਼ ਨਰਸ ਹਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਿੰਡ ਇਰਾਕ ’ਚੋਂ 5 ਮਾਮਲੇ ਕੁੱਤਿਆਂ ਦੇ ਵੱਢਣ ਵਾਲੇ ਆਏ ਹਨ। ਉਨ੍ਹਾਂ ਦੱਸਿਆ ਕਿ 5 ਮਰੀਜ਼ਾਂ ’ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਰੈਫ਼ਰ ਕਰ ਦਿੱਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਇੱਕ ਦਿਨ ’ਚ ਹੀ ਪਿੰਡ ਇਰਾਕ ’ਚੋਂ ਹੋਰਨਾਂ ਕਈ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਹੈ ਜੋ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾ ਕੇ ਘਰਾਂ ਨੂੰ ਚਲੇ ਗਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਆਵਾਰਾ ਕੁੱਤਿਆਂ ’ਚੋਂ ਕਈ ਹਲਕ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇ ਇਨ੍ਹਾਂ ਕੁੱਤਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।

