ਇੱਥੇ ਸ਼ਹਿਰ ਦੀਆਂ ਦੀਆਂ ਸੜਕਾਂ ’ਤੇ ਅੱਜ-ਕੱਲ੍ਹ ਲਾਵਾਰਿਸ ਪਸ਼ੂਆਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ ਹਨ। ਇੱਥੋਂ ਦੇ ਤਾਜਪੁਰ ਰੋਡ ’ਤੇ ਪੈਂਦੇ ਡੇਅਰੀ ਕੰਪਲੈਕਸ ਅਤੇ ਹੋਰ ਸੜਕਾਂ ਦੇ ਕਿਨਾਰਿਆਂ ’ਤੇ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਹਿਰ ਵਿੱਚ ਨਿੱਤ ਦਿਨ ਸੜਕਾਂ ’ਤੇ ਭਿੜਦੇ ਪਸ਼ੂਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਸੜਕ ’ਤੇ ਪਸ਼ੂਆਂ ਨੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਦਹਿਸ਼ਤ ਫੈਲਾਈ ਰੱਖੀ।
ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਲਾਵਾਰਿਸ ਪਸ਼ੂਆਂ ਦੀ ਗਿਣਤੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਪਹਿਲਾਂ ਅਜਿਹੇ ਪਸ਼ੂ ਵੱਖ-ਵੱਖ ਥਾਵਾਂ ’ਤੇ ਬਣਾਏ ਕੂੜਾ ਡੰਪਾਂ ਦੇ ਨੇੜੇ ਹੀ ਹੁੰਦੇ ਸਨ ਪਰ ਕੂੜਾ ਡੰਪਾਂ ’ਤੇ ਆਧੁਨਿਕ ਮਸ਼ੀਨਾਂ ਲੱਗ ਜਾਣ ਕਰ ਕੇ ਹੁਣ ਇਨ੍ਹਾਂ ਦੀ ਗਿਣਤੀ ਲੋਕਾਂ ਵੱਲੋਂ ਖਾਲੀ ਪਲਾਟਾਂ ਅਤੇ ਸੜਕਾਂ ਕਿਨਾਰਿਆਂ ’ਤੇ ਸੁੱਟੇ ਕੂੜੇ ਕੋਲ ਵਧਣੀ ਸ਼ੁਰੂ ਹੋ ਗਈ ਹੈ। ਆਏ ਦਿਨ ਇਨ੍ਹਾਂ ਲਾਵਾਰਿਸ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ। ਇੱਥੇ ਤਾਜਪੁਰ ਰੋਡ ’ਤੇ ਲਾਵਾਰਿਸ ਪਸ਼ੂਆਂ ਦੀ ਲੜਾਈ ਕਾਰਨ ਮਾਤਾ ਕਰਮ ਕੌਰ ਕਲੋਨੀ ਨੂੰ ਜਾਂਦੀ ਸੜਕ ’ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਆਈ। ਪਸ਼ੂਆਂ ਦੀ ਲੜਾਈ ਹਟਾਉਣ ਲਈ ਲੋਕਾਂ ਨੇ ਪਸ਼ੂਆਂ ’ਤੇ ਪਾਣੀ ਵੀ ਪਾਇਆ ਪਰ ਇਹ ਪਸ਼ੂ ਕੁਝ ਦੇਰ ਲਈ ਭਿੜਨਾ ਬੰਦ ਕਰ ਦਿੰਦੇ ਸਨ ਅਤੇ ਫਿਰ ਆ ਕੇ ਲੜਨਾ ਸ਼ੁਰੂ ਕਰ ਦਿੰਦੇ ਸਨ। ਇਸ ਕਾਰਨ ਸੜਕ ’ਤੇ ਆਵਾਜਾਈ ਵੀ ਜਾਮ ਹੋ ਗਈ। ਇਸ ਕਾਰਨ ਪੈਦਲ ਜਾਂਦੇ ਰਾਹਗੀਰਾਂ ਨੂੰ ਵੀ ਰਸਤਾ ਬਦਲ ਕੇ ਜਾਣਾ ਪਿਆ। ਇੱਥੇ ਹੀ ਨਹੀਂ ਸ਼ਹਿਰ ਦੀਆਂ ਹੋਰ ਸੜਕਾਂ ’ਤੇ ਵੀ ਵੱਡੀ ਗਿਣਤੀ ਲਾਵਾਰਿਸ ਪਸ਼ੂ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ। ਇਸ ਸੜਕ ’ਤੇ ਡੇਅਰੀ ਕੰਪਲੈਕਸ ਹੋਣ ਕਰ ਕੇ ਵੀ ਇੱਧਰ ਆਵਾਰਾ ਪਸ਼ੂ ਵਧੇਰੇ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪਸ਼ੂਆਂ ਨੂੰ ਲੁਧਿਆਣਾ ਅਤੇ ਆਸ-ਪਾਸ ਦੀਆਂ ਗਊਸ਼ਾਲਾਵਾਂ ਵਿੱਚ ਵੀ ਛੱਡਿਆ ਗਿਆ ਹੈ ਪਰ ਲਾਵਾਰਿਸ ਪਸ਼ੂਆਂ ਦੀ ਗਿਣਤੀ ਇਨ੍ਹਾਂ ਗਊਸ਼ਾਲਾਵਾਂ ਦੀ ਸਮਰੱਥਾ ਤੋਂ ਕਿਤੇ ਵੱਧ ਨਜ਼ਰ ਆ ਰਹੀ ਹੈ। ਕਈ ਵਾਰ ਰਾਤ ਸਮੇਂ ਇਹ ਪਸ਼ੂ ਝੁੰਡਾਂ ਦੇ ਰੂਪ ਵਿੱਚ ਸੜਕਾਂ ਦੇ ਵਿਚਕਾਰ ਹੀ ਬੈਠ ਜਾਂਦੇ ਹਨ ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

