ਭਾਰਤ ਨਗਰ ਚੌਕ ’ਚ ਮੁੜ ਲੱਗੇਗਾ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਤੇ ਟੈਂਕ
ਜਥੇਬੰਦੀਆਂ ਦੇ ਆਗੂਆਂ ਨੇ ਫ਼ੈਸਲੇ ਦਾ ਸਵਾਗਤ ਕੀਤਾ
ਕੁਝ ਸਾਲ ਪਹਿਲਾਂ ਭਾਰਤ ਨਗਰ ਚੌਕ ’ਤੇ ਪੁਲ ਬਣਨ ਕਰ ਕੇ ਇੱਥੇ ਲੱਗਿਆ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਪੈਟਨ ਟੈਂਕ ਹੋਰ ਥਾਂ ਲਾਉਣ ਅਤੇ ਉਸ ਦੀ ਥਾਂ ਨਵੇਂ ਬਣੇ ਚੌਕ ’ਚ ਇੱਕ ਸਾਈਕਲ ਦਾ ਮਾਡਲ ਲਾਉਣ ਵਿਰੁੱਧ ਸਮਾਜ ਸੇਵੀ ਜੱਥੇਬੰਦੀਆਂ, ਸਾਬਕਾ ਫੌਜੀਆਂ ਦੀ ਜਥੇਬੰਦੀ ਵੱਲੋਂ ਕੀਤਾ ਗਿਆ ਵਿਰੋਧ ਰੰਗ ਲੈ ਆਇਆ ਹੈ। ਹੁਣ ਇਸ ਚੌਕ ਵਿੱਚ ਮੁੜ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ 1965 ਦੀ ਭਾਰਤ-ਪਾਕਿ ਜੰਗ ਵਿੱਚ ਕਬਜ਼ੇ ’ਚ ਲਏ ਪੈਟਨ ਟੈਂਕ ਨੂੰ ਸਥਾਪਤ ਕਰਨ ਦੀ ਸੰਭਾਵਨਾ ਬਣ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਇੱਥੋਂ ਦੂਰ ਰੋਜ਼ ਗਾਰਡਨ ਦੇ ਨੇੜੇ ਇੱਕ ਕੋਨੇ ਵਿੱਚ ਲਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਪਬਲਿਕ ਐਕਸ਼ਨ ਕਮੇਟੀ, ਸਾਬਕਾ ਫੌਜੀ ਅਧਿਕਾਰੀਆਂ ਦੀਆਂ ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਚੌਕ ਵਿੱਚ ਇੱਕ ਸਾਈਕਲ ਦਾ ਮਾਡਲ ਰੱਖਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਚੌਕ ਵਿੱਚ ਦੁਬਾਰਾ ਸ਼ਹੀਦ ਮੇਜ਼ਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਹੀ ਰੱਖਿਆ ਜਾਵੇ। ਇਸ ਸਬੰਧੀ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ। ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਪ੍ਰਧਾਨ ਬ੍ਰਿਗੇਡੀਅਰ ਇੰਦਰਮੋਹਨ ਸਿੰਘ ਨੇ ਪੱਛਮੀ ਕਮਾਂਡ ਦੇ ਜੀ ਓ ਸੀ-ਇੰਨ-ਸੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਮੰਗ ਕਰਦਿਆਂ ਰਾਜ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਕਰਨਲ ਹਰੀਸ਼ ਕੁਮਾਰ ਨੇ ਵੀ ਲੁਧਿਆਣਾ ਦੇ ਮੇਅਰ ਨਾਲ ਮੌਕੇ ਦਾ ਦੌਰਾ ਕੀਤਾ ਸੀ। ਹੁਣ ਮੁੜ ਚੌਕ ਵਿੱਚ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਸਥਾਪਤ ਕੀਤਾ ਜਾਵੇਗਾ। ਇਸ ਫੈਸਲੇ ਦਾ ਪਬਲਿਕ ਐਕਸ਼ਨ ਕਮੇਟੀ, ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁਨਾਂ ਜਸਕੀਰਤ ਸਿੰਘ, ਮਹਿੰਦਰ ਸਿੰਘ ਸੇਖੋਂ, ਸਾਬਕਾ ਕਰਨਲ ਸੀਐਮ ਲਖਨਪਾਲ, ਕੁਲਦੀਪ ਸਿੰਘ ਖਹਿਰਾ, ਕਪਿਲ ਅਰੋੜਾ ਆਦਿ ਨੇ ਨਿੱਘਾ ਸਵਾਗਤ ਕਰਦਿਆਂ ਇਸ ਨੂੰ ਚੰਗਾ ਕਦਮ ਦੱਸਿਆ ਹੈ।

