SSP Office Protest: ਕਿਸਾਨਾਂ ਦੇ ਵਿਰੋਧ ਮਗਰੋਂ ਏ ਐੱਸ ਆਈ ਲਾਈਨ ਹਾਜ਼ਰ
ਜ਼ਿਲ੍ਹਾ ਪ੍ਰਧਾਨ ਨਾਲ ਦੁਰਵਿਹਾਰ ’ਤੇ ਭੜਕੇ ਬੀ ਕੇ ਯੂ (ਡਕੌਂਦਾ) ਦੇ ਕਿਸਾਨ ਆਗੂ; ਐੱਸ ਐੱਸ ਪੀ ਦਫ਼ਤਰ ਅੱਗੇ ਰੋਸ ਪ੍ਰਗਟਾਇਆ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਆਪਣੇ ਜ਼ਿਲ੍ਹਾ ਪ੍ਰਧਾਨ ਨਾਲ ਏ ਐੱਸ ਆਈ ਦੇ ਕਥਿਤ ਮਾੜੇ ਵਿਹਾਰ ਕਰ ਕੇ ਭੜਕ ਗਏ। ਰੋਸ ਵਜੋਂ ਉਨ੍ਹਾਂ ਇੱਥੇ ਪੁਲੀਸ ਲਾਈਨ ਵਿੱਚ ਸਥਿਤ ਐੱਸ ਐਸ ਪੀ ਦਫ਼ਤਰ ਦੇ ਬਾਹਰ ਰੋਸ ਪ੍ਰਗਟਾਇਆ। ਮਗਰੋਂ ਵਫ਼ਦ ਐੱਸ ਐੱਸ ਪੀ ਨੂੰ ਮਿਲਿਆ ਜਿਨ੍ਹਾਂ ਏ ਐੱਸ ਆਈ ਨੂੰ ਲਾਈਨ ਹਾਜ਼ਰ ਕਰ ਕੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਕਿਸਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸੀ ਕਿ ਥਾਣਾ ਹਠੂਰ ਵਿੱਚ ਤਾਇਨਾਤ ਏ ਐੱਸ ਆਈ ਨੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨਾਲ ਦੁਰਵਿਹਾਰ ਹੀ ਨਹੀਂ ਕੀਤਾ ਸਗੋਂ ਕਥਿਤ ਧਮਕੀ ਭਰੇ ਲਹਿਜ਼ੇ ਵਿੱਚ ਕਿਸਾਨ ਯੂਨੀਅਨਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ। ਜ਼ਿਲ੍ਹਾ ਪ੍ਰਧਾਨ ਦੇ ਨਾਲ ਇਨ੍ਹਾਂ ਆਗੂਆਂ ਨੇ ਐੱਸ ਪੀ (ਹੈੱਡਕੁਆਰਟਰ) ਨੂੰ ਲਿਖਤੀ ਸ਼ਿਕਾਇਤ ਦੇ ਕੇ ਸਬੰਧਤ ਪੁਲੀਸ ਮੁਲਾਜ਼ਮ ਖ਼ਿਲਾਫ਼ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਕਾਰਵਾਈ ਤਹਿਤ ਥਾਣਾ ਹਠੂਰ ਦੇ ਏ ਐੱਸ ਆਈ ਦੀ ਡਿਊਟੀ ਪਰਿਵਾਰਕ ਮੈਂਬਰਾਂ ਦੇ ਘਰ ਜਾ ਕੇ ਲੋੜੀਂਦੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾਉਣ ਦੀ ਸੀ। ਕਈ ਵਾਰ ਫੋਨ ਕਰਨ ਦੇ ਬਾਵਜੂਦ ਪੁਲੀਸ ਮੁਲਾਜ਼ਮ ਮੌਕੇ ‘ਤੇ ਨਹੀਂ ਪੁੱਜਿਆ। ਮਗਰੋਂ ਉਹ ਕੁਝ ਹੋਰ ਲੋਕਾਂ ਨਾਲ ਥਾਣਾ ਹਠੂਰ ਚਲੇ ਗਏ ਜਿੱਥੇ ਇਹ ਸਭ ਵਾਪਰਿਆ। ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਨੇ ਮਾਮਲੇ ਦੀ ਜਾਂਚ ਐੱਸ ਪੀ ਨੂੰ ਸੌਂਪ ਦਿੱਤੀ ਹੈ। ਮੁੱਢਲੀ ਕਾਰਵਾਈ ਤਹਿਤ ਏ ਐੱਸ ਆਈ ਗੀਤਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿਵਾ ਕੇ ਸ਼ਾਂਤ ਕੀਤਾ।
ਚੰਡੀਗੜ੍ਹ ਪੱਕੇ ਮੋਰਚੇ ਲਈ ਸਰਗਰਮੀ ਵਿੱਢੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇਥੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਪਹਿਲੀ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਪੇਂਡੂ ਕਿਸਾਨੀ ਨੂੰ ਤਬਾਹ ਕਰਕੇ ਰੱਖ ਦੇਵੇਗਾ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਅਵਤਾਰ ਸਿੰਘ ਡੇਹਲੋਂ, ਜਗਦੀਸ਼ ਕੁਮਾਰ, ਰਵਿੰਦਰ ਸਿੰਘ ਸੋਢੀਵਾਲ, ਲੰਬਰਦਾਰ ਜਲਵੰਤ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਕਾਉਂਕੇ ਹਾਜ਼ਰ ਸਨ।

