ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ‘ਕਲੀਨ ਪੰਜਾਬ-ਪਰਾਊਡ ਪੰਜਾਬ’ ਮਿਸ਼ਨ ਤਹਿਤ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਵਾਰਡ ਨੰਬਰ 38, ਹਲਕਾ ਦੱਖਣੀ ਦੇ ਈਸ਼ਰ ਨਗਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਢੀ ਗਈ। ਇਹ ਅਭਿਆਨ ਕਰਵਾਇਆ ਗਿਆ। ਮੁਹਿੰਮ ਦੌਰਾਨ ਜਿੱਥੇ ਇਲਾਕੇ ਦੀਆਂ ਗਲੀਆਂ ਅਤੇ ਆਸ-ਪਾਸ ਦੇ ਸਥਾਨਾਂ ਦੀ ਸਫ਼ਾਈ ਕੀਤੀ ਗਈ, ਉੱਥੇ ਲੋਕਾਂ ਨੂੰ ਖ਼ਾਸ ਤੌਰ ’ਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ, ਕੂੜਾ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਜੇ ਪੰਜਾਬ ਦੇ ਸ਼ਹਿਰ ਅਤੇ ਪਿੰਡ ਸਾਫ਼-ਸੁਥਰੇ ਰਹਿਣਗੇ ਤਾਂ ਪੰਜਾਬ ਹੋਰ ਤੇਜ਼ੀ ਨਾਲ ਤਰੱਕੀ ਕਰੇਗਾ। ਸਫ਼ਾਈ ਸਿਰਫ਼ ਸੁੰਦਰਤਾ ਨਾਲ ਨਹੀਂ, ਸਗੋਂ ਲੋਕਾਂ ਦੀ ਸਿਹਤ, ਵਾਤਾਵਰਨ ਅਤੇ ਪੰਜਾਬ ਦੇ ਭਵਿੱਖ ਨਾਲ ਵੀ ਜੁੜੀ ਹੋਈ ਹੈ।
ਇਸ ਮੌਕੇ ਸੰਗਠਨ ਇੰਚਾਰਜ ਪਰਮਿੰਦਰ ਗਿੱਲ, ਚੇਅਰਮੈਨ ਟਰੇਡ ਵਿੰਗ ਇੰਦਰਜੀਤ, ਚੇਅਰਮੈਨ ਸੁਨਹਿਰਾ ਵਿੰਗ ਹਰਦੇਵ ਗੋਲਡੀ, ਬਲਾਕ ਪ੍ਰਧਾਨ ਵਿੱਕੀ ਬੇਗੋਆਣਾ, ਬਲਾਕ ਪ੍ਰਧਾਨ ਯੂਥ ਵਿੰਗ ਸੰਨੀ, ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਲਖਵਿੰਦਰ ਜੋਰਾ, ਬਲਾਕ ਪ੍ਰਧਾਨ ਸੁਨੀਲ ਢੀਂਗਰਾ, ਬਲਾਕ ਪ੍ਰਧਾਨ ਬੰਟੀ, ਹਲਕਾ ਕੋਆਰਡੀਨੇਟਰ ਸੋਸ਼ਲ ਮੀਡੀਆ ਜੋਗਾ ਸੰਧੂ, ਬਲਾਕ ਪ੍ਰਧਾਨ ਸੋਸ਼ਲ ਮੀਡੀਆ ਖੜਕ ਸਿੰਘ ਅਤੇ ਸੈਨੇਟਰੀ ਇੰਚਾਰਜ ਰਜਿੰਦਰ ਕੁਮਾਰ ਸਣੇ ਕ੍ਰਿਸ਼ਨਾ ਕੁਮਾਰ, ਪਰਮਜੀਤ ਕੌਰ, ਆਦਿਤਿਆ, ਰਾਮਬਕਸ਼ ਨਿਸ਼ਾਦ, ਰਾਮੂ, ਸਤਿੰਦਰ ਬਾਵਾ ਅਤੇ ਅਮਨਪ੍ਰੀਤ ਸਿੰਘ ਨੇ ਸਫ਼ਾਈ ਮੁਹਿੰਮ ’ਚ ਯੋਗਦਾਨ ਪਾਇਆ।
ਗਿਆਸਪੁਰਾ ਨੇ ਸਫ਼ਾਈ ਮੁਹਿੰਮ ਦੀ ਕਮਾਨ ਸੰਭਾਲੀ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ 10 ਦਿਨਾਂ ਵਿਸ਼ੇਸ਼ ਸਵੱਛਤਾ ਅਭਿਆਨ ਤਹਿਤ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਟੀਮਾਂ ਵੱਲੋਂ ਸੜਕਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਸਫ਼ਾਈ ਕੀਤੀ ਗਈ। ਵਿਧਾਇਕ ਗਿਆਸਪੁਰਾ ਨੇ ਸਫ਼ਾਈ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਬੇੜੇ ’ਤੇ ਜ਼ੋਰ ਦਿੰਦਿਆਂ ਫੀਲਡ ਸਟਾਫ਼ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਟੀਮਾਂ ਦਾ ਪੂਰਨ ਸਹਿਯੋਗ ਕਰਨ, ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਣ ਅਤੇ ਜਨਤਕ ਥਾਵਾਂ ਨੂੰ ਗੰਦਾ ਨਾ ਕਰਨ ਕਿਉਂਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।

