ਸਮਾਜ ਸੇਵੀ ਵੱਲੋਂ ਪਿੰਡ ਪੋਨਾ ਨੂੰ ਐਂਬੂਲੈਂਸ ਭੇਟ
ਸਮਾਜ ਸੇਵੀ ਸੁਖਦੀਪ ਸਿੰਘ ਮਨੀਲਾ ਨੇ ਆਪਣੇ ਜੱਦੀ ਪਿੰਡ ਪੋਨਾ ਨੂੰ ਐਂਬੂਲੈਂਸ ਭੇਟ ਕੀਤੀ ਹੈ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕਿ ਪਿੰਡ ਵਿੱਚ ਐਂਬੂਲੈਂਸ ਦੀ ਘਾਟ ਕਰ ਕੇ ਕਈ ਵਾਰ ਔਖ ਹੁੰਦੀ ਸੀ। ਇਸ ਲੋੜ ਨੂੰ...
ਸਮਾਜ ਸੇਵੀ ਸੁਖਦੀਪ ਸਿੰਘ ਮਨੀਲਾ ਨੇ ਆਪਣੇ ਜੱਦੀ ਪਿੰਡ ਪੋਨਾ ਨੂੰ ਐਂਬੂਲੈਂਸ ਭੇਟ ਕੀਤੀ ਹੈ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕਿ ਪਿੰਡ ਵਿੱਚ ਐਂਬੂਲੈਂਸ ਦੀ ਘਾਟ ਕਰ ਕੇ ਕਈ ਵਾਰ ਔਖ ਹੁੰਦੀ ਸੀ। ਇਸ ਲੋੜ ਨੂੰ ਮਹਿਸੂਸ ਕਰਦਿਆਂ ਸੁਖਦੀਪ ਸਿੰਘ ਮਨੀਲਾ, ਉਨ੍ਹਾਂ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਹਰਬੰਸ ਕੌਰ ਨੇ ਪਿੰਡ ਲਈ ਇਹ ਐਂਬੂਲੈਂਸ ਲੈ ਕੇ ਦਿੱਤੀ। ਸਰਪੰਚ ਨੇ ਦੱਸਿਆ ਕਿ ਐਂਬੂਲੈਂਸ 24 ਘੰਟੇ ਪਿੰਡ ਵਾਸੀਆਂ ਦੀ ਸੇਵਾ ਵਿੱਚ ਉਪਲਬਧ ਰਹੇਗੀ। ਕਿਸੇ ਵੀ ਹੰਗਾਮੀ ਸਿਹਤ ਸਥਿਤੀ ਵਿੱਚ ਕੋਈ ਪਿੰਡ ਵਾਸੀ ਇਸ ਐਂਬੂਲੈਂਸ ਦੀ ਸਹੂਲਤ ਲੈ ਸਕੇਗਾ। ਇਸ ਮੌਕੇ ਪੰਚ ਗਗਨ ਪੋਨਾ, ਸਨੀ ਮਨੀਲਾ, ਮਾਸਟਰ ਗੁਰਮੀਤ ਸਿੰਘ, ਵਾਹਿਗੁਰੂਪਾਲ ਮਨੀਲਾ, ਨੰਬਰਦਾਰ ਬਲਵਿੰਦਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਲੱਕੀ ਪੰਡਤ, ਨੰਬਰਦਾਰ ਜਤਿੰਦਰ ਸਿੰਘ ਆਦਿ ਵੀ ਮੌਜੂਦ ਸਨ। ਗਰਾਮ ਪੰਚਾਇਤ ਨੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਦੀ ਅਗਵਾਈ ਵਿੱਚ ਸੁਖਦੀਪ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਸੇਵਾ ਲਈ ਧੰਨਵਾਦ ਕੀਤਾ।
ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਦਰੇਸੀ ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਨਿਊ ਸ਼ਿਵਪੁਰੀ ਤੋਂ ਸੰਜੀਵ ਕੁਮਾਰ ਵਾਸੀ ਸ਼ਿਵਪੁਰੀ ਨੂੰ ਪਰਚੀ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਸ ਕੋਲੋਂ 1100 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
ਨੀਤੂ ਹਾਂਡਾ ਨੇ ਪ੍ਰਿੰਸੀਪਲ ਦਾ ਜ਼ਿੰਮਾ ਸੰਭਾਲਿਆ
ਖੰਨਾ: ਏ ਐੱਸ ਕਾਲਜ ਫਾਰ ਵਿਮੈਨ ਵਿੱਚ ਨਵ ਨਿਯੁਕਤ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਣ, ਰਾਜੇਸ਼ ਡਾਲੀ, ਕਵਿਤਾ ਗੁਪਤਾ, ਅਜੈ ਸੂਦ, ਸੁਬੋਧ ਮਿੱਤਲ ਅਤੇ ਅਮਰੀਸ਼ ਵਿਜ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕ, ਗ਼ੈਰ-ਅਧਿਆਪਨ ਸਟਾਫ ਅਤੇ ਚੌਥਾ ਦਰਜਾ ਕਰਮਚਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਨਵ ਨਿਯੁਕਤ ਪ੍ਰਿੰਸੀਪਲ ਡਾ. ਹਾਂਡਾ ਨੇ ਧੰਨਵਾਦ ਕਰਦਿਆਂ ਸੰਸਥਾ ਦੇ ਸੁਧਾਰ ਲਈ ਸਭ ਨੂੰ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮੋਹਿਤ ਗੋਇਲ, ਸ਼ਿਵਮ ਬੇਦੀ, ਡਾ. ਅਸ਼ਵਨੀ ਬਾਂਸਲ, ਡਾ. ਧਰਮ ਸਿੰਘ ਸੰਧੂ, ਪ੍ਰਿੰਸੀਪਲ ਡਾ. ਪਵਨ ਕੁਮਾਰ, ਡਾ. ਮੁਕੇਸ਼ ਅਰੋੜਾ, ਰਣਜੀਤ ਕੌਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਵਿਧਾਇਕ ਨੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ
ਲੁਧਿਆਣਾ: ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਯਤਨਸ਼ੀਲ ਹੈ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਹਲਕੇ ਦੇ ਜ਼ਿਲ੍ਹਾ ਅਤੇ ਕੌਮੀ ਪੱਧਰ ਦੇ ਜੂਡੋ ਖਿਡਾਰੀਆਂ ਨੂੰ ਆਪਣੇ ਮੁੱਖ ਦਫ਼ਤਰ ਵਿੱਚ ਖੇਡ ਕਿੱਟਾਂ ਵੰਡੀਆਂ। ਉਨ੍ਹਾਂ ਖਾਸ ਤੌਰ ’ਤੇ ਲੜਕੀਆਂ ਦੀ ਹੌਸਲਾ-ਅਫ਼ਜਾਈ ਕਰਦਿਆਂ ਕਿਹਾ ਸਰਕਾਰ ਖਿਡਾਰੀਆਂ ਨੂੰ ਖੇਡਣ ਲਈ ਚੰਗਾ ਮਾਹੌਲ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਵਿਧਾਇਕ ਨੇ ਕਿਹਾ ਕਿ ਸੂਬੇ ਵਿੱਚ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਜਿੱਥੇ ਵੱਖ-ਵੱਖ ਖੇਡਾਂ ਲਈ ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਉੱਥੇ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਲਈ ਚੰਗੀ ਖ਼ੁਰਾਕ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਭਾਰਤ ਦੀ ਹਾਕੀ ਟੀਮ ਵਿੱਚ ਪੰਜਾਬੀਆਂ ਦੀ ਬਹੁ-ਗਿਣਤੀ ਦੇ ਨਾਲ ਹੋਰਨਾਂ ਖੇਡਾਂ ਵਿੱਚ ਵੀ ਨੌਜਵਾਨਾਂ ਨੇ ਆਪਣੀ ਪਕੜ ਬਣਾਈ ਹੈ। -ਟ੍ਰਿਬਿਊਨ ਨਿਊਜ਼ ਸਰਵਿਸ
ਲੁਟੇਰੇ ਪਰਸ ਖੋਹ ਕੇ ਫ਼ਰਾਰ
ਜਗਰਾਉਂ: ਲੁਟੇਰਿਆਂ ਨੇ ਸਹਾਇਕ ਸਬ-ਇੰਸਪੈਕਟਰ ਦੀ ਰਿਸ਼ਤੇਦਾਰ ਤੋਂ ਪਰਸ ਖੋਹ ਲਿਆ। ਕੁੱਝ ਦਿਨ ਪਹਿਲਾਂ ਇਸੇ ਅਧਿਕਾਰੀ ਦੀ ਪਤਨੀ ਅਤੇ ਧੀ ਤੋਂ ਲੁੱਟ-ਖੋਹ ਕੀਤੀ ਗਈ ਸੀ। ਉਸ ਸਮੇਂ ਪੁਲੀਸ ਨੇ ਕੁਝ ਦਿਨਾਂ ਵਿੱਚ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੇ ਖੋਹੇ ਹੋਏ ਪੈਸੇ ਆਦਿ ਬਰਾਮਦ ਕਰ ਲਏ ਸਨ। ਥਾਣਾ ਸ਼ਹਿਰੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ ਅੱਜ ਲੁੱਟ-ਖੋਹ ਦਾ ਸ਼ਿਕਾਰ ਹੋਈ ਔਰਤ ਦਵਾਈ ਲੈਣ ਲਈ ਹਸਪਤਾਲ ਜਾ ਰਹੀ ਸੀ। ਪੀੜਤਾ ਦੀ ਸ਼ਿਕਾਇਤ ਦਰਜ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਰਾਮਗੜ੍ਹੀਆ ਭਵਨ ’ਚ ਗੁਰਮਤਿ ਸਮਾਗਮ
ਖੰਨਾ: ਇੱਥੋਂ ਦੇ ਜੀ ਟੀ ਰੋਡ ’ਤੇ ਸਥਿਤ ਰਾਮਗੜ੍ਹੀਆ ਭਵਨ ਭੱਟੀਆ ਵਿੱਚ ਬਾਬਾ ਵਿਸ਼ਵਕਰਮਾ ਸਭਾ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਬੇਅੰਤ ਸਿੰਘ ਅਤੇ ਭਾਈ ਪ੍ਰਵੀਨ ਸਿੰਘ ਦੇ ਜਥੇ ਨੇ ਕੀਰਤਨ ਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਮੁੱਖ ਗ੍ਰੰਥੀ ਭਾਈ ਜਗਜੀਤ ਸਿੰਘ ਲਿਬੜਾ ਵਾਲਿਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਵੱਲੋਂ ਸਮੇਂ-ਸਮੇਂ ’ਤੇ ਸਮਾਜਸੇਵੀ ਕਾਰਜਾਂ ਲਈ ਯਤਨਸ਼ੀਲ ਸ਼ਖ਼ਸੀਅਤਾਂ ਦਾ ਸਨਮਾਨ ਕਰਦੀ ਹੈ, ਉੱਥੇ ਹੀ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਭਵਨ ਸਥਿਤ ਕਮਿਊਨਿਟੀ ਸੈਂਟਰ ਵਿੱਚ ਕਾਰਜ ਹੁੰਦੇ ਰਹਿੰਦੇ ਹਨ। ਅੰਤ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਨਾਮ ਸਿੰਘ ਭਮਰਾ, ਮਨਜੀਤ ਸਿੰਘ ਧੰਜਲ, ਟਹਿਲ ਸਿੰਘ, ਪਰਮਜੀਤ ਸਿੰਘ ਧੀਮਾਨ, ਹਰਵਿੰਦਰ ਸਿੰਘ ਭੰਗੂ, ਸਾਧੂ ਸਿੰਘ, ਵਿਕਰਮਜੀਤ ਸਿੰਘ, ਮੋਹਿਤ ਧੀਮਾਨ, ਸਨੇਹਇੰਦਰ ਸਿੰਘ ਮੀਲੂ, ਬਾਬਾ ਮੇਹਰ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

