ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਸਨਅਤੀ ਸ਼ਹਿਰ ਪੌਸ਼ ਇਲਾਕੇ ਸਰਾਭਾ ਨਗਰ ਰੋਟਰੀ ਕਲੱਬ ਰੋਡ ’ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਗੱਡੀ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਦੋ ਨੌਜਵਾਨਾਂ ਤੋਂ ਤੇਜ਼ਧਾਰ ਹਥਿਆਰ ਦਿਖਾ ’ਤੇ ਗੱਡੀ ਖੋਹ ਲਈ। ਜਦੋਂ ਤੱਕ ਦੋਵੇਂ ਕੁਝ ਕਰ ਪਾਉਂਦੇ, ਮੁਲਜ਼ਮ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ-5 ਦੇ ਐੱਸਐੱਚਓ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਭਾਰਤ ਨਗਰ ਦਾ ਰਹਿਣ ਵਾਲਾ ਨਵਲ ਗਰਗ ਆਪਣੇ ਦੋਸਤ ਕੁਸ਼ ਵਰਮਾ ਦੇ ਨਾਲ ਕਾਰ ’ਚ ਗਿਆ ਸੀ। ਇਸ ਦੌਰਾਨ ਦੋਵੇਂ ਜਣੇ ਜਦੋਂ ਰੋਟਰੀ ਕਲੱਬ ਰੋਡ ’ਤੇ ਆਨ-ਲਾਈਨ ਆਰਡਰ ਕਰ ਕੇ ਮੰਗਵਾਇਆ ਖਾਣਾ ਖਾਣ ਲਈ ਕਾਰ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾਣ ਲੱਗੇ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਆਏ। ਉਨ੍ਹਾਂ ਨੇ ਆਉਂਦੇ ਹੀ ਦੋਵਾਂ ਜਣਿਆਂ ਨੂੰ ਹਥਿਆਰ ਦਿਖਾ ਕੇ ਡਰਾ ਲਿਆ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲੇ ਵਿਚ ਘਟਨਾ ਸਥਾਨ ਦੇ ਆਸਪਾਸ ਦੀ ਸੀਸੀਟੀਵੀ ਫੁਟੇਜ ਨੂੰ ਹਾਸਲ ਕਰ ਕੇ ਲੁਟੇਰਿਆਂ ਤੱਕ ਪੁੱਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖਿਲ਼ਾਫ਼ ਐਫ਼ਆਈਆਰ ਦਰਜ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।
ਪੈਟਰੋਲ ਪੰਪ ਤੋਂ ਨਗਦੀ ਤੇ ਹੋਰ ਸਾਮਾਨ ਲੁੱਟਿਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਅਧੀਨ ਪੈਂਦੇ ਇਲਾਕੇ ਜੁਗਿਆਣਾ ਦੇ ਪੈਟਰੋਲ ਪੰਪ ਤੋਂ ਤਿੰਨ ਹਥਿਆਰਬੰਦ ਨੌਜਵਾਨ ਹਜ਼ਾਰਾਂ ਰੁਪਏ ਦੀ ਨਗਦੀ ਤੇ ਹੋਰ ਸਾਮਾਨ ਲੁੱਟ ਕੇ ਲੈ ਗਏ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਗੁਰੂ ਤੇਗ ਬਹਾਦਰ ਨਗਰ ਗਿਆਸਪੁਰਾ ਵਾਸੀ ਚੰਦਨ ਗਿਰੀ ਨੇ ਦੱਸਿਆ ਹੈ ਕਿ ਉਹ ਦੋ ਹੋਰ ਮੁਲਾਜ਼ਮਾਂ ਕੁੰਦਨ ਅਤੇ ਨੀਰਜ ਨਾਲ ਰਿਲਾਇੰਸ ਪੈਟਰੋਲ ਪੰਪ ਜੁਗਿਆਣਾ ’ਤੇ ਕੰਮ ਕਰਦਾ ਹੈ। ਤੜਕੇ ਤਿੰਨ ਅਣਪਛਾਤੇ ਵਿਅਕਤੀ ਸ਼ਕੌਡਾ ਗੱਡੀ ’ਤੇ ਆਏ ਅਤੇ ਉਨ੍ਹਾਂ ਨੇ 3500 ਰੁਪਏ ਦਾ ਡੀਜ਼ਲ ਗੱਡੀ ਵਿੱਚ ਪਵਾਇਆ। ਉਸ ਨੇ ਜਦੋਂ ਪੈਸੇ ਮੰਗੇ ਤਾਂ ਉਨ੍ਹਾਂ ਪਿਸਤੌਲ ਤਾਣ ਲਈ ਅਤੇ ਉਸ ਕੋਲੋਂ 18 ਹਜ਼ਾਰ ਰੁਪਏ ਦੀ ਨਗਦੀ, ਕੈਸ਼ਰੂਮ ਵਿੱਚੋਂ ਪ੍ਰਿੰਟਰ, ਤਿੰਨ ਦਰਾਜਾਂ ਵਾਲੀ ਛੋਟੀ ਅਲਮਾਰੀ ਅਤੇ ਐਲਸੀਡੀ ਕੰਪਿਊਟਰ ਲਾਹ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਦੋਸ਼ੀਆਂ ਦੀ ਪਛਾਣ ਲਈ ਵੱਡੇ ਪੱਧਰ ’ਤੇ ਕਾਰਵਾਈ ਚੱਲ ਰਹੀ ਹੈ।