ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਸਨਅਤੀ ਸ਼ਹਿਰ ਵਿੱਚ ਬਾਹਰੀ ਸੂਬਿਆਂ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਐੱਸਟੀਐੱਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 2 ਕਿਲੋ 50 ਗ੍ਰਾਮ ਹੈਰੋਇਨ, 8 ਲੱਖ ਦੀ ਡਰੱਗ ਮਨੀ ਤੇ ਹੋਰ ਸਾਮਾਨ ਬਰਾਮਦ ਹੋਇਆ। ਨਸ਼ਾ ਤਸਕਰੀ ਦਾ ਧੰਦਾ ਕਰ ਕੇ ਮੁਲਜ਼ਮ ਵੱਲੋਂ ਕਮਾਏ ਗਏ ਪੈਸਿਆਂ ਨਾਲ ਵੱਖ-ਵੱਖ ਕੰਪਨੀਆਂ ਦੀਆਂ 8 ਲਗਜ਼ਰੀ ਕਾਰਾਂ, ਤਿੰਨ ਮੋਟਰਸਾਈਕਲ ਤੇ ਤਿੰਨ ਐਕਟਿਵਾ ਸਕੂਟਰ ਵੀ ਪੁਲੀਸ ਨੇ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਟਿੱਬਾ ਰੋਡ ਦੇ ਗੁਰਮੇਲ ਪਾਰਕ ਵਾਸੀ ਆਕਾਸ਼ ਚੋਪੜਾ ਉਰਫ਼ ਹਨੀ ਵਜੋਂ ਹੋਈ ਹੈ, ਜਿਸ ਖਿਲ਼ਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਐੱਸਟੀਐੱਫ਼ ਦੇ ਜ਼ਿਲ੍ਹਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੈਕਟਰ-39 ’ਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤੇ ਇਸ ਸਮੇਂ ਸਪਲਾਈ ਦੇਣ ਲਈ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਹੈ, ਜਿਸ ਨੂੰ ਪੁਲੀਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ, ਜਿਸ ਦੇ ਕਬਜ਼ੇ ’ਚੋਂ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸ ਦੇ ਸਾਹਮਣੇ ਵਾਲੇ ਦੂਸਰੇ ਘਰ ’ਚੋਂ ਰਾਇਲ ਇਨਫੀਲਡ ਸਣੇ ਤਿੰਨ ਹੋਰ ਮੋਟਰਸਾਈਕਲ, ਤਿੰਨ ਐਕਟਿਵਾ ਸਕੂਟਰ ਬਰਾਮਦ ਕੀਤੇ ਗਏ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਫਾਰਚੂਨਰ. ਮਰਸਡੀਜ਼ ਸਣੇ 8 ਗੱਡੀਆਂ ਬਰਾਮਦ ਕੀਤੀਆਂ ਹਨ।