ਗਲੀ ਵਿੱਚ ਟਰਾਂਸਫਾਰਮਰ ਲਾਉਣ ਵਿਰੁੱਧ ਨਾਅਰੇਬਾਜ਼ੀ
ਸ਼ੇਰਪੁਰ ਰੋਡ ਵਾਸੀਆਂ ਵੱਲੋਂ ਜਨਤਕ ਵਿਰੋਧ; ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ
ਸਥਾਨਕ ਸ਼ੇਰਪੁਰ ਰੋਡ ਸਥਿਤ ਅਮਰ ਵਿਹਾਰ ਕਲੋਨੀ ਦੀ ਇਕ ਪ੍ਰਾਈਵੇਟ ਗਲੀ ਵਿੱਚ ਨਾਜਾਇਜ਼ ਇਮਾਰਤ ਦਾ ਟਰਾਂਸਫਾਰਮਰ ਰੱਖਣ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਗਲੀ ਵਿਚਲੇ ਨਿਵਾਸੀਆਂ ਤੋਂ ਇਲਾਵਾ ਹੋਰ ਕਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਰੱਖੇ ਜਾਣ ਵਾਲੇ ਟਰਾਂਸਫਾਰਮਰ ਦਾ ਜਨਤਕ ਵਿਰੋਧ ਕੀਤਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਹੈ। ਆਪਣੀ ਸਮੱਸਿਆ ਨੂੰ ਲੈ ਕੇ ਕਲੋਨੀ ਨਿਵਾਸੀਆਂ ਨੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਮਿਲਣ ਦਾ ਫ਼ੈਸਲਾ ਕੀਤਾ ਹੈ। ਵਿਰੋਧ ਲਈ ਇਕੱਠੇ ਹੋਏ ਇਨ੍ਹਾਂ ਲੋਕਾਂ ਵਿੱਚ ਸ਼ਾਮਲ ਰਾਹੁਲ ਸ਼ਰਮਾ, ਸਿਮਰਨਜੀਤ ਸਿੰਘ ਮੱਲ੍ਹਾ, ਡਾ. ਅਮਰਜੀਤ ਸਿੰਘ, ਬਲਰਾਜ ਖਹਿਰਾ, ਗੌਰਵ ਸ਼ਰਮਾ, ਜੈਦੀਪ ਸਿੰਘ ਤੂਰ, ਸਰਬਜੀਤ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ, ਸੋਮਨਾਥ, ਗੁਰਦੀਪ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਨਵੀਂ ਬਣ ਰਹੀ ਇਮਾਰਤ ਲਈ ਇਹ ਟਰਾਂਸਫਾਰਮਰ ਰੱਖਿਆ ਜਾ ਰਿਹਾ ਹੈ ਉਹ ਅਣ-ਅਧਿਕਾਰਤ ਹੈ। ਇਸ ਇਮਾਰਤ ਦਾ ਨਕਸ਼ਾ ਤਕ ਨਗਰ ਕੌਂਸਲ ਤੋਂ ਪਾਸ ਨਹੀਂ ਹੈ, ਜਿਸ ਬਾਰੇ ਨਗਰ ਕੌਂਸਲ ਨੇ ਵੀ ਲਿਖਤ ਰੂਪ ਵਿੱਚ ਦਿੱਤਾ ਹੋਇਆ ਹੈ। ਵਪਾਰਕ ਕੰਪਲੈਕਸ ਦੇ ਪਿੱਛੇ ਲੱਗਦੀ ਇਹ ਜ਼ਮੀਨ ਰਿਹਾਇਸ਼ੀ ਦਿਖਾ ਕੇ ਮਾਲ ਵਿਭਾਗ ਤੋਂ ਰਜਿਸਟਰੀ ਕਰਵਾਈ ਗਈ ਹੈ ਜਦਕਿ ਇਹ ਕਮਰਸ਼ੀਅਲ ਥਾਂ ਹੈ। ਇਸ ਤੋਂ ਬਾਅਦ ਗਲਤ ਤਰੀਕੇ ਨਾਲ ਕਲੋਨੀ ਦੀ ਇਸ ਗਲੀ ਵਿੱਚ ਇਸ ਇਮਾਰਤ ਦਾ ਰਸਤਾ ਰੱਖ ਲਿਆ ਗਿਆ। ਹਾਲਾਂ ਕਿ ਪਹਿਲਾਂ ਪਏ ਰੌਲੇ ਮਗਰੋਂ ਹੋਏ ਸਮਝੌਤੇ ਤਹਿਤ ਇਧਰੋਂ ਰਸਤਾ ਨਾ ਰੱਖਣ ਦੀ ਸਹਿਮਤੀ ਬਣੀ ਸੀ। ਉਕਤ ਵਿਅਕਤੀਆਂ ਨੇ ਇਕ ਹੋਰ ਖੁਲਾਸਾ ਕੀਤਾ ਕਿ ਇਮਾਰਤ ਵਾਲੀ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਹੈ ਤੇ ਖਰੀਦਦਾਰ ਵਜੋਂ ਮਾਲ ਵਿਭਾਗ ਦੇ ਰਿਕਾਰਡ ’ਚ ਖੜ੍ਹੇ ਦਿਖਾਈ ਦਿੰਦੇ ਵਿਅਕਤੀ ਨੇ ਖਰੀਦਦਾਰ ਦੇ ਦਸਤਖ਼ਤ ਕੀਤੇ। ਉਨ੍ਹਾਂ ਇਸ ਨੂੰ ਧੋਖਾਧੜੀ ਦਾ ਮਾਮਲਾ ਦੱਸਿਆ ਅਤੇ ਇਸ ਦੀ ਵੱਖਰੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਤੇ ਮਾਲ ਵਿਭਾਗ ਨੂੰ ਕਰਨ ਦੀ ਗੱਲ ਕਹੀ। ਇਸ ਬਾਰੇ ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਟਰਾਂਸਫਾਰਮਰ ਤੋਂ ਲੈ ਕੇ ਮੀਟਰ ਲਾਉਣ ਦਾ ਕੰਮ ਨਿਯਮਾਂ ਮੁਤਾਬਕ ਹੋ ਰਿਹਾ ਹੈ। ਜ਼ਮੀਨ ਨੂੰ ਲੈ ਕੇ ਵਿਵਾਦ ਤੇ ਨਾਜਾਇਜ਼ ਹੋਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਜਾਰੀ ਨਵੇਂ ਸਰਕੂਲਰ ਮੁਤਾਬਕ ਹੁਣ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ (ਐੱਨ ਓ ਸੀ) ਲੈਣ ਦੀ ਲੋੜ ਨਹੀਂ।

