ਮੋਦੀ ਖ਼ਿਲਾਫ਼ ਸੱਥਾਂ ’ਚ ਗੂੰਜਣ ਲੱਗੇ ਨਾਅਰੇ

ਮੋਦੀ ਖ਼ਿਲਾਫ਼ ਸੱਥਾਂ ’ਚ ਗੂੰਜਣ ਲੱਗੇ ਨਾਅਰੇ

ਜਗਰਾਉਂ ਦੇ ਪਿੰਡਾਂ ਵਿੱਚ ਬੈਨਰ ਫੜ ਕੇ ਨਾਅਰੇ ਲਗਾ ਰਹੇ ਕਿਰਤੀ ਕਾਮੇ।

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 23 ਨਵੰਬਰ

ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦੇਸ਼ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਅਰੰਭਿਆ ਸੰਘਰਸ਼ 54ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਜਗਤਾਰ ਦੇਹੜਕਾ, ਹਰਦੀਪ ਗਾਲਿਬ, ਜੋਗਿੰਦਰ ਬਜੁਰਗ ਨੇ ਕਿਹਾ ਕਿ 26 ਦਸੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਬਾਰੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਦਿੱਲੀ ਘੇਰਨ ਦੇ ਪ੍ਰੋਗਰਾਮ ਨੂੰ ਐਕਸ-ਸਰਵਿਸਮੈਨ ਯੂਨੀਅਨ ਦੇ ਸਕੱਤਰ ਸੁਖਵਿੰਦਰ ਸਿੰਘ ਨੇ ਫੌਜੀਆਂ ਵੱਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ। ਕਿਸਾਨੀ ਅੰਦੋਲਨ ਦੀ ਗੂੰਜ਼ ਹੁਣ ਪਿੰਡਾਂ ਦੀਆਂ ਗਲੀਆਂ ਸੱਥਾਂ’ਚ ਵੀ ਪੈਣ ਲੱਗੀ ਹੈ। ਕਿਰਤੀ ਕਿਸਾਨ ਯੂਨੀਅਨ ਆਗੂ ਗੁਰਚਰਨ ਸਿੰਘ, ਹਰਦੇਵ ਮੋਰ, ਹਰਪਾਲ ਸਿੰਘ, ਪੇਂਡੂ ਮਜਦੂਰ ਯੂਨੀਅਨ ਆਗੂ ਅਵਤਾਰ ਰਸੂਲਪੁਰ,ਬਲਬੀਰ ਡਾਂਗੀਆਂ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਦੇ ਕਾਫਲੇ ਨੇ ਦਿੱਲੀ ਚੱਲੋ ਦੇ ਨਾਅਰੇ ਲਗਾਉਂਦੇ ਹੋਏ ਸੰਘਰਸ਼ ਲਈ ਆਰਥਿਕ ਮੱਦਦ ਲਈ ਗੁਹਾਰ ਲਗਾਈ । ਲੋਕਾਂ ਨੂੰ ਜਗਾਉਣ ਵਾਲਾ ਕਾਫਲਾ ਮੋਦੀ ਖ਼ਿਲਾਫ਼ ਨਾਅਰੇ ਲਿਖੇ ਬੈਨਰ ਲੈ ਕੇ ਕਾਉਂਕੇ ਖੋਸਾ, ਡਾਂਗੀਆਂ ਸਮੇਤ ਅੱਧੀ ਦਰਜਨ ਪਿੰਡਾਂ ਵਿੱਚ ਗਿਆ। ਅਵਤਾਰ ਰਸੂਲਪੁਰ ਅਨੁਸਾਰ ਕਿਸਾਨੀ ਅੰਦੋਲਨ ਅਤੇ ਦਿੱਲੀ ਘੇਰਨ ਦੇ ਉਲੀਕੇ ਪ੍ਰੋਗਰਾਮ ਲਈ ਪਿੰਡਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਰੇਲਵੇ ਸਟੇਸ਼ਨ ਧਰਨੇ ’ਤੇ ਪੁੱਜੇ ਸਿੱਧਵਾਂ ਬੇਟ 2 ਦੇ ਅਧਿਆਪਕਾਂ ਨੇ ਕੰਵਲਜੀਤ ਖੰਨਾ ਨੂੰ ਮਾਇਕ ਸਹਾਇਤਾ ਭੇਟ ਕੀਤੀ ।

ਦਿੱਲੀ ਚਲੋ ਅੰਦੋਲਨ ਲਈ ਰਾਸ਼ਨ ਇਕੱਠਾ ਕਰਨਾ ਸ਼ੁਰੂ

ਖੰਨਾ (ਜੋਗਿੰਦਰ ਸਿੰਘ ਓਬਰਾਏ): ਰਾਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ 26 ਨੂੰ ‘ਦਿੱਲੀ ਚਲੋਂ’ ਅੰਦੋਲਨ ਨੂੰ ਨਪੇਰੇ ਚਾੜ੍ਹਣ ਲਈ ਅੱਜ ਪਿੰਡਾਂ ਵਿੱਚੋਂ ਧਰਨੇ ਲਈ ਵੱਡੀ ਮਾਤਰਾ ਵਿਚ ਲੋੜੀਂਦੀ ਸਮੱਗਰੀ ਇੱਕਠੀ ਹੋਈ। ਦਿਲਬਾਗ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਹੁਣ ਕਿਸਾਨਾਂ- ਮਜ਼ਦੂਰਾਂ ਦਾ ਨਾ ਹੋ ਕੇ ਸਮੂਹ ਵਰਗਾਂ ਦਾ ਸਾਂਝਾ ਜਨ ਅੰਦੋਲਨ ਬਣ ਚੁੱਕਾ ਹੈ, ਜਿਸ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਦਰਬਾਰਾ ਸਿੰਘ, ਸਤਪਾਲ ਸਿੰਘ, ਦੀਪੀ ਪਨੈਚ, ਜੀਤ ਸਿੰਘ ਗਰੇਵਾਲ, ਰਜਿੰਦਰ ਸਿੰਘ ਹਾਜ਼ਰ ਸਨ।

ਕਲਾਕਾਰਾਂ ਤੇ ਸਮਾਜਿਕ ਕਾਰਕੁਨਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ

ਗੁਰੂਸਰ ਸੁਧਾਰ (ਸੰਤੋਖ ਗਿੱਲ): ਇਨਕਲਾਬ ਜ਼ਿੰਦਾਬਾਦ ਲਹਿਰ ਦੇ ਸੱਦੇ ‘ਤੇ ਨਾਮਵਰ ਕਲਾਕਾਰਾਂ ਅਤੇ ਸਮਾਜਕ ਕਾਰਕੁਨਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਦੌਰਾਨ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਇਨਕਲਾਬ ਜ਼ਿੰਦਾਬਾਦ ਲਹਿਰ ਦੇ ਆਗੂ ਸੁਖਵਿੰਦਰ ਸਿੰਘ ਹਲਵਾਰਾ, ਲੱਖਾ ਸਿਧਾਣਾ, ਗਾਇਕ ਕੰਵਰ ਗਰੇਵਾਲ, ਚੌਧਰੀ ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ।

ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ’ਚ ਵੀ ਗੂੰਜਿਆ ਕਿਸਾਨੀ ਸੰਘਰਸ਼

ਲੁਧਿਆਣਾ (ਸਤਵਿੰਦਰ ਬਸਰਾ): ਹਰੀ ਸਿੰਘ ਦਿਲਬਰ ਯਾਦਗਾਰੀ ਮੰਚ ਵੱਲੋਂ ਪੰਜਾਬੀ ਸਾਹਿਤ ਦੀ ਝੋਲ਼ੀ 31 ਕਿਤਾਬਾਂ ਪਾਉਣ ਵਾਲ਼ੇ ਸਾਹਿਤਕਾਰ ਹਰੀ ਸਿੰਘ ਦਿਲਬਰ ਯਾਦਗਾਰੀ ਸਾਲਾਨਾ ਸਮਾਗਮ ਪਿੰਡ ਲਲਤੋਂ ਕਲਾਂ ਵਿੱਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਰਦਾਰ ਪੰਛੀ, ਸੁਰਿੰਦਰ ਕੈਲੇ ਅਤੇ ਪਰਗਟ ਸਿੰਘ ਗਰੇਵਾਲ ਨੇ ਕੀਤੀ। ਮੁੱਖ ਬੁਲਾਰੇ ਅਮਰਜੀਤ ਗਰੇਵਾਲ ਨੇ ਨਵੇਂ ਬਣੇ ਖੇਤੀ ਕਾਨੂੰਨ ਤੋਂ ਬਾਅਦ ਪੈਦਾ ਹੋਣ ਵਾਲ਼ੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਸ਼ੁਰੂ ਕਰਦਿਆਂ ਕਿਹਾ ਕਿ ਕਿਸਾਨੀ ਮਸਲੇ ਦਾ ਹੱਲ ਸਰਕਾਰਾਂ ਤੇ ਕਾਰਪੋਰੇਟ ਕੋਲ ਨਹੀਂ। ਜਸਦੇਵ ਲਲਤੋਂ ਨੇ ਕਿਹਾ ਕਿ ਇਹ ਸੰਘਰਸ਼ ਦੀ ਧਾਰ ਹੋਰ ਤਿੱਖੀ ਹੋਵੇਗੀ। ਪਹਿਲਾਂ ਡਾ. ਪੰਧੇਰ ਨੇ ਲੇਖਕ ਤੇ ਬੁੱਧੀਜੀਵੀ ਡਾ.ਐੱਸਐੱਨ ਸੇਵਕ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਯਾਦ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ।

ਦਿੱਲੀ ਘਿਰਾਓ ਦੀਆਂ ਤਿਆਰੀਆਂ ਮੁਕੰਮਲ: ਲੱਖੋਵਾਲ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਪ੍ਰਧਾਨ ਸੱਤਪਾਲ ਕਟਾਣੀ ਤੇ ਗਿਆਨ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਕੁਹਾੜਾ ਵਿੱਚ ਹੋਈ ਜਿਸ ’ਚ 26 ਨਵੰਬਰ ‘ਚੱਲੋ ਦਿੱਲੀ’ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਤੇ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਨੇ ਕਿਹਾ ਕਿ ਸਾਰੇ ਪੰਜਾਬ ’ਚ ਦਿੱਲੀ ਚੱਲੋੋ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁਕੰਮਲ ਘਿਰਾਓ ਕਰਕੇ ਖੇਤੀ ਬਿੱਲ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All