ਸਕੇਟਿੰਗ: ਸੈਂਟੀਨਲ ਸਕੂਲ ਦੇ ਵਿਦਿਆਰਥੀ ਛਾਏ
ਸਮਰਾਲਾ: ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਸਕੇਟਿੰਗ ਰਿੰਕ ਆਕਲੈਂਡ ਹਾਊਸ ਸਕੂਲ, ਸ਼ਿਮਲਾ ਵਿੱਚ ਪੰਜਵੇਂ ਰੌਲਰ ਸਕੇਟਿੰਗ ਚੈਲੇਂਜ ਕੱਪ ਅੰਡਰ-14 ਮੁਕਾਬਲੇ ਵਿੱਚ ਭਾਗ ਲਿਆ। ਬੱਚਿਆਂ ਨੇ ਆਪਣੀ ਮਿਹਨਤ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਪੰਜਾਬ ਦੀ ਟੀਮ ’ਚ ਸ਼ਾਮਲ ਖਿਡਾਰੀ ਅਰਾਧਿਆ ਬੱਠਲਾ, ਵਨਵ ਸ਼ਰਮਾ, ਸਮਰਜੋਤ ਸਿੰਘ ਕਲੇਰ, ਸ਼ਮਨਵੀਰ ਸਿੰਘ, ਜਿਵੰਸ਼ ਭਾਰਦਵਾਜ, ਰਿਵਾਨ ਬੱਠਲਾ, ਪਰਕਿਰਤ ਸਿੰਘ ਘੁੰਮਣ, ਸਰਗੁਨ ਕੌਰ ਰੰਧਾਵਾ, ਅਭੇਪ੍ਰਤਾਪ ਸਿੰਘ, ਗੁਰਕਮਲ ਸਿੰਘ ਨੇ ਹਰਿਆਣਾ ਦੀ ਟੀਮ ਨੂੰ ਪਛਾੜਦਿਆਂ 500 ਅਤੇ 300 ਮੀਟਰ ਦੀ ਰੌਲਰ ਸਕੇਟਿੰਗ ਵਿੱਚ ਪਹਿਲੇ ਸਥਾਨ ‘ਤੇ ਰਹੇ। ਇਨ੍ਹਾਂ ਬੱਚਿਆਂ ਨੇ ਗੋਲਡ ਮੈਡਲ ਜਿੱਤ ਕੇ ਆਪਣੀ ਪੰਜਾਬ ਸਟੇਟ, ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਪ੍ਰਿੰ. ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ ਅਤੇ ਸਕੇਟਿੰਗ ਕੋਚ ਰਾਜੇਸ਼ ਸ਼ਰਮਾ ਨਾਲ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਲਾਡੋਵਾਲ ਦੀ ਪੁਲੀਸ ਪਾਰਟੀ ਥਾਣੇਦਾਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੇ ਸਬੰਧ ਵਿੱਚ ਸੂਆ ਪੁਲੀ, ਮੁੱਲਾਂਪੁਰ ਰੋਡ, ਹੰਬੜਾਂ ਕੋਲ ਮੌਜੂਦ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਸੁਮਿਤ ਕੁਮਾਰ ਉਰਫ਼ ਅਕਾਸ਼ਦੀਪ ਵਾਸੀ ਪਿੰਡ ਚਗਾਵਾ ਮੇਹਨਾ ਮੋਗਾ ਨੂੰ ਮੁੱਲਾਂਪੁਰ ਰੋਡ ਨੇੜੇ ਬਲਵੀਰ ਪੈਟਰੋਲ ਪੰਪ ਨਜ਼ਦੀਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ .32 ਬੋਰ ਪਿਸਤੌਲ, ਦੋ ਮੈਗਜ਼ੀਨ, ਇੱਕ ਰੌਂਦ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
ਵਿਦਿਆਰਥੀਆਂ ਨੇ ‘ਪਿਤਾ ਦਿਵਸ’ ਮਨਾਇਆ
ਸਮਰਾਲਾ: ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਵੱਲੋਂ ਪਿਤਾ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਮੁੱਖ ਰੱਖਦਿਆ ਨਰਸਰੀ ਤੋਂ ਬਾਰਵੀਂ ਤੱਕ ਤੇ ਬੱਚਿਆਂ ਨੇ ਅਧਿਆਪਕਾਂ ਰਾਹੀਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਬੈਠਿਆਂ ਹੀ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਕਾਰਡ ਬਣਾਏ। ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਕੀ-ਚੇਨ ਬਣਾਈ। ਮਿਡਲ ਵਿੰਗ ਦੇ ਵਿਦਿਆਰਥੀਆਂ ਨੇ ਬੈਜ ਤਿਆਰ ਕਰਕੇ ਆਪਣੇ ਪਿਤਾ ਪ੍ਰਤੀ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਅਧੀਨ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਆਪਣੇ ਜੀਵਨ ਦੇ ਨਿੱਜੀ ਅਨੁਭਵ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਅੰਤ ਵਿੱਚ ਉਨ੍ਹਾਂ ਸਮੁੱਚੇ ਸਮਾਜ ਨੂੰ ਪਿਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਫੈਕਟਰੀ ਵਿੱਚੋਂ ਮਾਲ ਚੋਰੀ
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਸਥਿਤ ਰੋਥਮੈਨ ਸਾਇਕਲਜ਼ ਫੇਸ-5 ਵਿੱਚੋਂ ਅਣਪਛਾਤੇ ਵਿਅਕਤੀ ਮਾਲ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਸ੍ਰੀਰਾਜ ਰਾਜੇਸ਼ਵਰੀ ਅਪਾਰਟਮੈਂਟ ਮਾਡਲ ਟਾਊਨ ਵਾਸੀ ਸੰਜੈ ਵਰਮਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਉਪਰੋਕਤ ਫੈਕਟਰੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ । ਰਾਤ ਨੂੰ ਕੋਈ ਵਿਅਕਤੀ ਫੈਕਟਰੀ ਦੀ ਕੰਧ ਨੂੰ ਸੰਨ੍ਹ ਲਾ ਕੇ ਕੇ ਅੰਦਰੋਂ ਕੱਚੇ ਮਾਲੇ ਦੇ 18 ਥੈਲੇ ਚੋਰੀ ਕਰਕੇ ਲੈ ਗਏ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਮੋਟਰਸਾਈਕਲ ਸਵਾਰਾਂ ਨੇ ਲੜਕੀ ਦੀ ਸਕੂਟਰੀ ਖੋਹੀ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਮਿਲਟਰੀ ਕੈਂਪ ਸਾਹਮਣੇ ਪਾਰਕ ਕੋਲੋਂ ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਲੜਕੀ ਤੋਂ ਸਕੂਟਰੀ ਖੋਹ ਕੇ ਲੈ ਗਏ। ਕੁਹਾੜਾ ਰੋਡ ਸਾਹਨੇਵਾਲ ਵਾਸੀ ਸੋਨੀਆ ਕੁਮਾਰੀ ਆਪਣੀ ਭਾਬੀ ਚੰਦਾ ਨਾਲ ਆਪਣੀ ਰਾਤ ਦੀ ਡਿਊਟੀ ਖਤਮ ਕਰਕੇ ਸਕੂਟਰੀ ’ਤੇ ਘਰ ਜਾ ਰਹੀ ਸੀ। ਇਸ ਦੌਰਾਨ ਮਿਲਟਰੀ ਕੈਂਪ ਸਾਹਮਣੇ ਪਾਰਕ ਕੋਲ ਪੰਜ ਅਣਪਛਾਤੇ ਲੜਕੇ ਦੋ ਬਿਨਾਂ ਨੰਬਰੀ ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ਨੂੰ ਘੇਰ ਕੇ ਸਕੂਟਰੀ ਖੋਹ ਕੇ ਫ਼ਰਾਰ ਹੋ ਗਏ। -ਨਿੱਜੀ ਪੱਤਰ ਪ੍ਰੇਰਕ
ਕਿਸਾਨਾਂ ਦੇ ਖੇਤਾਂ ’ਚੋਂ ਤਿੰਨ ਮੋਟਰਾਂ ਚੋਰੀ
ਮਾਛੀਵਾੜਾ: ਨੇੜਲੇ ਪਿੰਡ ਨੂਰਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਕਿਸਾਨਾਂ ਦੇ ਖੇਤਾਂ ’ਚੋਂ ਤਿੰਨ ਮੋਟਰਾਂ ਚੋਰੀ ਕਰ ਲਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਕਿਸਾਨ ਯਾਦਵਿੰਦਰ ਸਿੰਘ ਦੀਆਂ ਦੋ ਮੋਟਰਾਂ ਜੋ ਕਿ ਉਸਨੇ ਜ਼ਮੀਨ ਠੇਕੇ ’ਤੇ ਲਈ ਹੋਈ ਸੀ ਅਤੇ ਇੱਕ ਮੋਟਰ ਅਰੁਣ ਕੁਮਾਰ ਲੂਥਰਾ ਦੇ ਖੇਤਾਂ ’ਚੋਂ ਚੋਰੀ ਕਰ ਲਈ। ਅੱਜ-ਕੱਲ੍ਹ ਝੋਨੇ ਦੀ ਬਿਜਾਈ ਜ਼ੋਰਾਂ ’ਤੇ ਹੋਣ ਕਾਰਨ ਕਿਸਾਨਾਂ ਨੂੰ ਮੋਟਰਾਂ ਦੀ ਕਾਫ਼ੀ ਜ਼ਰੂਰਤ ਹੁੰਦੀ ਹੈ ਪਰ ਇਸ ਮੌਕੇ ਚੋਰਾਂ ਨੇ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਕਿਸਾਨਾਂ ਵਲੋਂ ਚੋਰੀ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਵਲੋਂ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ