ਕੇਂਦਰੀ ਜੇਲ੍ਹ ’ਚ ਰੱਖੜੀ ਬੰਨ੍ਹਣ ਪੁੱਜੀਆਂ ਭੈਣਾਂ
ਭੈਣਾਂ ਨੂੰ ਦੇਖ ਕੇ ਭਰਾ ਭਾਵੁਕ ਹੋਏ; ਜੇਲ੍ਹ ’ਚ ਰੱਖਡ਼ੀਆਂ ਤੇ ਮਠਿਆੲੀ ਦੇ ਸਟਾਲ ਲਾਏ; ਡਾਕ ਰਾਹੀਂ ਆੲੀਆਂ ਰੱਖਡ਼ੀਆਂ ਬੰਨ੍ਹਣ ਦੇ ਵਿਸ਼ੇਸ਼ ਪ੍ਰਬੰਧ
ਸ਼ਹਿਰ ਦੀ ਕੇਂਦਰੀ ਜੇਲ੍ਹ ਵਿੱਚ ਉਸ ਵੇਲੇ ਬੇਹੱਦ ਭਾਵੁਕ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਜੇਲ੍ਹ ਵਿੱਚ ਬੰਦ ਬੰਦੀ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਭੈਣਾਂ ਮੁਲਾਕਾਤੀ ਕਮਰੇ ਵਿੱਚ ਪਹੁੰਚੀਆਂ। ਸਖ਼ਤ ਸੁਰੱਖਿਆ ਅਤੇ ਪੁਲੀਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਭੈਣਾਂ ਨੇ ਭਰਾਵਾਂ ਦਾ ਤਿਲਕ ਕਰ ਕੇ ਉਨ੍ਹਾਂ ਦੇ ਗੁੱਟਾਂ ’ਤੇ ਰੱਖੜੀ ਸਜਾਈ। ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਖੜੀ ਦੇ ਇਸ ਤਿਉਹਾਰ ਲਈ ਕਾਫ਼ੀ ਇੰਤਜ਼ਾਮ ਕੀਤੇ ਹੋਏ ਸਨ।
ਰੱਖੜੀਆਂ ਅਤੇ ਮਠਿਆਈ ਦੇ ਸਟਾਲ ਲਾਏ ਗਏ ਸਨ। ਕੋਰੀਅਰ ਜਾਂ ਫਿਰ ਪੋਸਟ ਰਾਹੀਂ ਜੇਲ੍ਹ ਪੁੱਜੀ ਰੱਖੜੀ ਨੂੰ ਵੀ ਬੰਨ੍ਹਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਬੰਦ ਇੱਕ ਨੌਜਵਾਨ ਆਪਣੀ ਭੈਣ ਨੂੰ ਦੇਖਦਿਆਂ ਹੀ ਵਿਲਕ ਪਿਆ। ਉਸ ਨੇ ਭਰੇ ਮਨ ਨਾਲ ਅਫ਼ਸੋਸ ਜਤਾਇਆ ਕਿ ਜੋ ਤਿਉਹਾਰ ਕਦੇ ਘਰ ਦੀ ਡਿਉੜੀ ’ਤੇ ਹੱਸ-ਖੇਡ ਕੇ ਮਨਾਇਆ ਜਾਂਦਾ ਸੀ, ਅੱਜ ਉਸ ਦੇ ਗਲਤ ਕਦਮਾਂ ਕਾਰਨ ਭੈਣ ਨੂੰ ਜੇਲ੍ਹ ਦੇ ਚੱਕਰ ਕੱਟਣੇ ਪੈ ਰਹੇ ਹਨ। ਰੱਖੜੀ ਬੰਨ੍ਹਵਾ ਕੇ ਉਹ ਰੋਣ ਲੱਗਿਆ ਤੇ ਉਸ ਕਾਰਨ ਮਾਹੌਲ ਭਾਵੁਕ ਹੋ ਗਿਆ। ਉੱਥੇ ਹੀ ਬੀਤੇ ਤਿੰਨ ਮਹੀਨਿਆਂ ਤੋਂ ਸਲਾਖਾਂ ਪਿੱਛੇ ਬੰਦ ਇੱਕ ਹੋਰ ਕੈਦੀ ਨੇ ਜਦੋਂ ਆਪਣੀ ਪਤਨੀ ਦੀ ਗੋਦ ਵਿੱਚ ਮਹਿਜ਼ 10 ਦਿਨਾਂ ਦੇ ਨਵਜੰਮੇ ਪੁੱਤਰ ਨੂੰ ਦੇਖਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕਿਆ। ਜੇਲ੍ਹ ਵਿੱਚ ਆਈਆਂ ਭੈਣਾਂ ਨੇ ਅਰਦਾਸ ਕੀਤੀ ਕਿ ਉਨ੍ਹਾਂ ਦੇ ਭਰਾ ਜਲਦੀ ਬੇਗੁਨਾਹ ਸਾਬਤ ਹੋ ਕੇ ਜਾਂ ਸਜ਼ਾ ਪੂਰੀ ਕਰ ਕੇ ਸਲਾਖਾਂ ਤੋਂ ਬਾਹਰ ਆਉਣ।
ਇਸੇ ਦੌਰਾਨ ਆਸ ਅਹਿਸਾਸ ਐੱਨ ਜੀ ਓ ਦੇ ਕਾਰਕੁਨਾਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਰੱਖੜੀ ਬੰਨ੍ਹੀ।

