Sisodia Meets 194 AAP Booth In-Charges: ਸਿਸੋਦੀਆ ਵੱਲੋਂ ਬੂਥ ਇੰਚਾਰਜਾਂ ਨੂੰ ਲਾਮਬੰਦ ਹੋਣ ਦਾ ਸੱਦਾ
ਵਿਧਾਇਕਾ ਮਾਣੂੰਕੇ ਦੀ ਅਗਵਾਈ ਹੇਠ ਬੂਥ ਇੰਚਾਰਜ ਮਿਲਣੀ
ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਬੂਥ ਇੰਚਾਰਜ ਮਿਲਣੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਲਈ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਇੱਥੇ ਪੁੱਜੇ। ਹਲਕੇ ਦੇ 194 ਬੂਥ ਇੰਚਾਰਜਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲੂਣਾ ਦਿੰਦਿਆਂ ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਮਿਲਣ ਦਾ ਸੁਨੇਹਾ ਦਿੱਤਾ। ਪਾਰਟੀ ਦੀਆਂ ਉਸਾਰੂ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਗੁਰ ਵੀ ਸਿਖਾਏ। ਇਸ ਦੇ ਨਾਲ ਹੀ ਉਨ੍ਹਾਂ ਬੂਥ ਇੰਚਾਰਜਾਂ ਨੂੰ ਹੁਣੇ ਤੋਂ ਚੋਣਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸਭ ਤੋਂ ਪਹਿਲਾਂ ਉਹ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਸੁਖਵਿੰਦਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਹਲਕੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਤੇ ਬੀਬੀ ਮਾਣੂੰਕੇ ਨੂੰ ਥਾਪੜਾ ਦਿੰਦਿਆਂ ਲੋਕ ਸੇਵਾ ਦੇ ਕੰਮ ਵਿੱਚ ਇਸੇ ਤਰ੍ਹਾਂ ਲੱਗੇ ਰਹਿਣ ਲਈ ਹੱਲਾਸ਼ੇਰੀ ਦਿੱਤੀ। ਬੂਥ ਇੰਚਾਰਜ ਮਿਲਣੀ ਮੌਕੇ ਮਨੀਸ਼ ਸਿਸੋਦੀਆ ਨੇ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਲਾਘਾਯੋਗ ਲੋਕ ਪੱਖੀ ਕੰਮ ਕਰ ਰਹੀ। ਇਸ ਮੌਕੇ ਸਭ ਤੋਂ ਪਹਿਲਾਂ ਵਿਧਾਇਕਾ ਮਾਣੂੰਕੇ ਨੇ ਮਨੀਸ਼ ਸਿਸੋਦੀਆ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਲਗਾਈ ਹਰ ਡਿਊਟੀ ਉਹ ਪਹਿਲਾਂ ਵਾਂਗ ਤਨਦੇਹੀ ਨਾਲ ਨਿਭਾਉਣਗੇ। ਇਸ ਉਪਰੰਤ ਮਨੀਸ਼ ਸਿਸੋਦੀਆ ਅਤੇ ਵਿਧਾਇਕਾ ਮਾਣੂੰਕੇ ਨੇ ਹਲਕੇ ਦੇ 16 ਬਲਾਕ ਪ੍ਰਧਾਨਾਂ ਨੂੰ ਨਿਯੁੱਕਤੀ ਪੱਤਰ ਵੀ ਵੰਡੇ। ਇਸ ਮੌਕੇ ਚੇਅਰਮੈਨ ਤੇ ਜ਼ਿਲ੍ਹਾ ਡਾ. ਤੇਜਪਾਲ ਸਿੰਘ ਗਿੱਲ, ਪ੍ਰੋ. ਸੁਖਵਿੰਦਰ ਸਿੰਘ, ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਨਵਜੋਤ ਸਿੰਘ ਜਰਗ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਰਾਜੂ ਡਾਂਗੀਆਂ, ਪਰਮਿੰਦਰ ਸਿੰਘ ਖਹਿਰਾ, ਸਾਜਨ ਮਲਹੋਤਰਾ, ਕੌਂਸਲਰ ਕਰਮਜੀਤ ਕੈਂਥ, ਅਮਰਦੀਪ ਸਿੰਘ ਟੂਰੇ ਤੇ ਡਾ. ਜਸਵਿੰਦਰ ਸਿੰਘ ਲੋਪੋਂ ਆਦਿ ਹਾਜ਼ਰ ਸਨ।
ਚੇਅਰਮੈਨ ਵਿਜੇ ਦਾਨਵ ਨਜ਼ਰ ਨਹੀਂ ਆਏ
ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਦੀ ਗ਼ੈਰ-ਹਾਜ਼ਰੀ ਇਸ ਮੌਕੇ ਚਰਚਾ ਦਾ ਵਿਸ਼ਾ ਬਣੀ ਰਹੀ। ਹਲਕੇ ਅੰਦਰ ਸਰਗਰਮ ਹੋਏ ਤੇ ਮਨੀਸ਼ ਸਿਸੋਦੀਆ ਦੇ ਸਵਾਗਤੀ ਬੋਰਡ ਲਵਾਉਣ ਵਾਲੇ ਚੇਅਰਮੈਨ ਦਾਨਵ ਦੇ ਹਮਾਇਤੀ ਉਨ੍ਹਾਂ ਦੇ ਰਾਖਵਾਂ ਹਲਕਾ ਜਗਰਾਉਂ ਤੋਂ ਚੋਣ ਲੜਨ ਅਤੇ ਇਸ ਲਈ ਹਾਈ ਕਮਾਂਡ ਦਾ ਥਾਪੜਾ ਮਿਲਣ ਦੇ ਦਾਅਵੇ ਕਰਦੇ ਰਹੇ ਹਨ। ਉਨ੍ਹਾਂ ਪਿਛਲੇ ਹਫ਼ਤੇ ਬਾਕਾਇਦਾ ਜਗਰਾਉਂ ਵਿੱਚ ਦਫ਼ਤਰ ਵੀ ਖੋਲ੍ਹਿਆ ਹੈ ਪਰ ਪਾਰਟੀ ਦੇ ਇਸ ਪ੍ਰਮੁੱਖ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਸ਼ਾਮਲ ਨਾ ਹੋਣਾ ਚਰਚਾ ਦਾ ਵਿਸ਼ਾ ਬਣ ਗਿਆ।

