DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਾਇਕਾ ਕਤਲ ਕਾਂਡ: ਵਕੀਲ ਤੇ ਪਰਿਵਾਰ ਨੇ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ

ਐੱਨ ਆਰ ਆਈ ਦੇ ਅਸਲਾ ਲਾਇਸੈਂਸ ਦੀ ਜਾਂਚ ਮੰਗੀ; ਵਕੀਲ ਨੇ ਮੁਲਜ਼ਮ ਵੱਲੋਂ ਹਥਿਆਰ ਪਿਤਾ ਕੋਲ ਛੱਡ ਕੇ ਵਿਦੇਸ਼ ਜਾਣ ਦਾ ਦਾਅਵਾ ਕੀਤਾ ;ਮੁਲਜ਼ਮ ਨੂੰ ਭਾਰਤ ਲਿਆਉਣ ਤੇ ਭਜਾੳੁਣ ਵਾਲਿਆਂ ਨੂੰ ਬੇਨਕਾਬ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਕੀਲ ਹਰਕਮਲ ਸਿੰਘ ਅਤੇ ਹੋਰ
Advertisement

ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਮੁੱਖ ਸਾਜ਼ਿਸ਼ਘਾੜੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਪਿਤਾ ਪ੍ਰੀਤਮ ਸਿੰਘ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਦੇ ਇਸ ਮਾਮਲੇ ਦੀ ਪੁਲੀਸ ਵੱਲੋਂ ਡੰੂਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ, ਮ੍ਰਿਤਕਾ ਇੰਦਰ ਕੌਰ ਦੇ ਵਕੀਲ ਹਰਕਮਲ ਸਿੰਘ ਤੇ ਪਰਿਵਾਰ ਵਾਲਿਆਂ ਨੇ ਪੱਤਰਕਾਰ ਮਿਲਣੀ ਦੌਰਾਨ ਕਈ ਅਹਿਮ ਖ਼ੁਲਾਸੇ ਕਰਦਿਆਂ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਜਿੱਥੇ ਇਸ ਪੂਰੀ ਵਾਰਦਾਤ ਦਾ ਸਾਜ਼ਿਸ਼ਘਾੜਾ ਸੁਖਵਿੰਦਰ ਸਿੰਘ ਨੂੰ ਦੱਸਿਆ, ਉੱਥੇ ਹੀ ਉਸ ਦੇ ਅਸਲਾ ਲਾਇਸੈਂਸ ’ਤੇ ਵੀ ਸਵਾਲ ਚੁੱਕੇ ਹਨ।

Advertisement

ਵਕੀਲ ਹਰਕਮਲ ਸਿੰਘ ਨੇ ਕਿਹਾ ਕਿ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਇੱਕ ਐੱਨ ਆਰਆਈ ਹੈ। ਆਖ਼ਰ ਉਸ ਦਾ ਅਸਲਾ ਲਾਇਸੈਂਸ ਪੁਲੀਸ ਨੇ ਕਿਵੇਂ ਬਣਾ ਦਿੱਤਾ ਤੇ ਉਸ ਨੂੰ ਰੀਨਿਊ ਕਿਵੇਂ ਕੀਤਾ ਜਾ ਰਿਹਾ ਹੈ। ਉਸ ਕੋਲ ਦੋ-ਦੋ ਹਥਿਆਰ ਕਿੱਥੋਂ ਆਏ। ਉਨ੍ਹਾਂ ਕਾਨੂੰਨ ਦਾ ਹਵਾਲਾ ਦਿੰਦਿਆਂ ਆਖਿਆ ਕਿ ਜਦੋਂ ਵੀ ਕੋਈ ਲਾਇਸੈਂਸਧਾਰਕ ਭਾਰਤ ਛੱਡ ਕੇ ਵਿਦੇਸ਼ ਜਾਂਦਾ ਹੈ, ਤਾਂ ਨਿਯਮਾਂ ਮੁਤਾਬਕ ਉਸ ਨੂੰ ਆਪਣੇ ਹਥਿਆਰ ਸਬੰਧਤ ਥਾਣੇ ਜਾਂ ਸਰਕਾਰੀ ਗਨ ਹਾਊਸ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਪਰ ਮੁਲਜ਼ਮ ਸੁੱਖਾ ਆਪਣੇ ਹਥਿਆਰ ਪਿਤਾ ਕੋਲ ਹੀ ਛੱਡ ਕੇ ਵਿਦੇਸ਼ ਚਲਾ ਜਾਂਦਾ ਸੀ, ਜੋ ਕਿ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਹਰੀ ਨਾਗਰਿਕਤਾ ਰੱਖਣ ਵਾਲੇ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਅਸਲਾ ਲਾਇਸੈਂਸ ਤੁਰੰਤ ਰੱਦ ਕੀਤੇ ਜਾਣ।

Advertisement

ਵਕੀਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਤਾਂ ਕਰ ਲਈਆਂ ਹਨ ਪਰ ਮੁਲਜ਼ਮ ਦੀ ਪਿੱਠ ਥਾਪੜਣ ਵਾਲੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਵਾਇਆ ਨੇਪਾਲ ਹੁੰਦਿਆਂ ਭਾਰਤ ਪਹੁੰਚੇ ਮੁਲਜ਼ਮ ਨੂੰ ਨੇਪਾਲ ਬਾਰਡਰ ਤੋਂ ਲੁਧਿਆਣਾ ਤੱਕ ਲਿਆਉਣ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਨੇਪਾਲ ਸਰਹੱਦ ’ਤੇ ਛੱਡ ਕੇ ਆਉਣ ਵਾਲੇ ਗੁਪਤ ਮਦਦਗਾਰਾਂ ਨੂੰ ਵੀ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਪੁਲੀਸ ਹੁਣ ਮੁਲਜ਼ਮਾਂ ਦੇ ਟਰੈਵਲ ਰਿਕਾਰਡ, ਕਾਲ ਡਿਟੇਲਜ਼ ਅਤੇ ਹਥਿਆਰਾਂ ਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।

ਵਿਆਹ ਤੋਂ ਨਾਂਹ ਕਰਨ ’ਤੇ ਮਾਰੀ ਗੋਲੀ

ਮੁਲਜ਼ਮ ਸੁਖਵਿੰਦਰ ਸਿੰਘ ਲੰਮੇ ਸਮੇਂ ਤੋਂ ਇੰਦਰ ਕੌਰ ’ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਗਾਇਕਾ ਵੱਲੋਂ ਇਸ ਰਿਸ਼ਤੇ ਤੋਂ ਇਨਕਾਰ ਕਰਨ ਕਾਰਨ ਉਹ ਖ਼ਫ਼ਾ ਸੀ, ਜਿਸ ਦੇ ਚਲਦਿਆਂ ਉਸ ਨੇ ਕਤਲ ਦੀ ਇਹ ਸਾਜ਼ਿਸ਼ ਰਚੀ। ਵਾਰਦਾਤ ਮਗਰੋਂ ਇੰਦਰ ਕੌਰ ਦਾ ਮੋਬਾਈਲ ਫ਼ੋਨ ਵੀ ਗਾਇਬ ਹੈ, ਜਿਸ ਦੀ ਬਰਾਮਦਗੀ ਲਈ ਪੁਲੀਸ ਛਾਪੇ ਮਾਰ ਰਹੀ ਹੈ। ਦੂਜੇ ਪਾਸੇ ਵਕੀਲ ਨੇ ਗਾਇਕਾ ਦਾ ਵੀਜ਼ਾ ਰਿਜੈਕਟ ਹੋਣ ਦੀਆਂ ਅਫ਼ਵਾਹਾਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਅਕਸਰ ਕਈ ਦੇਸ਼ਾਂ ਦੇ ਦੌਰੇ ਕਰਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਗਾਇਕਾ ਦੀ ਮਾਤਾ ਵੀ ਵਿਦੇਸ਼ ਤੋਂ ਪਰਤ ਆਈ ਹੈ ਤੇ ਪੂਰਾ ਪਰਿਵਾਰ ਸਦਮੇ ’ਚ ਹੈ।

ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ

ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਤਿੰਨ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਗਾਇਕਾ ਇੰਦਰ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਮਗਰੋਂ ਪੁਲੀਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰ ਅਨੁਸਾਰ ਮ੍ਰਿਤਕਾ ਦਾ ਅੰਤਿਮ ਸੰਸਕਾਰ ਸਾਰੇ ਪਰਿਵਾਰਕ ਮੈਂਬਰਾਂ ਦੇ ਇਕੱਠੇ ਹੋਣ ਮਗਰੋਂ ਕੀਤਾ ਜਾਵੇਗਾ।

Advertisement
×