ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੂਨ
ਬਿਜਲੀ ਦੇ ਬਿੱਲਾਂ ਵਿੱਚ ਲਗਾਏ ਗਏ ਸਿਕਿਉਰਿਟੀ ਚਾਰਜਿਜ਼ ਦੇ ਮੁੱਦੇ ਤੋਂ ਪ੍ਰੇਸ਼ਾਨ ਸਨਅਤਕਾਰਾਂ ਦੀ ਗੱਲ ਲੈ ਕੇ ਅੱਜ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਿਜਲੀ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਹੀ ਉਹ ਇਸ ਸਮੱਸਿਆ ਦਾ ਹੱਲ ਕਰ ਦੇਣਗੇ। ਦਰਅਸਲ, ਸਨਅਤਕਾਰਾਂ ਨੂੰ ਬਿਜਲੀ ਬਿੱਲਾਂ ਵਿੱਚ ਹੁਣ ਸਿਕਿਉਰਿਟੀ ਚਾਰਜ ਲੱਗ ਕੇ ਆਏ ਹਨ, ਜਿਸ ਨਾਲ ਉਨ੍ਹਾਂ ਦੇ ਬਿੱਲਾਂ ਵਿੱਚ ਇਜ਼ਾਫਾ ਹੋਇਆ ਹੈ। ਇਸੇ ਮੁੱਦੇ ’ਤੇ ਬੀਤੇ ਦਿਨੀਂ ਸਨਅਤਕਾਰਾਂ ਨੇ ਸ਼ਹਿਰ ਵਿੱਚ ਪੁਤਲੇ ਸਾੜ ਕੇ ਪ੍ਰਦਰਸ਼ਨ ਵੀ ਕੀਤਾ ਸੀ ਤੇ ਬਾਅਦ ਵਿੱਚ ਵਿਧਾਇਕ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀਐੱਸਪੀਸੀਐੱਲ ਦੇ ਚੀਫ ਇੰਜਨੀਅਰ ਪਰਵਿੰਦਰ ਸਿੰਘ ਖਾਂਬਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਾਲ 2018 ਤੋਂ ਪਹਿਲਾਂ ਹੀ ‘ਐਡੀਸ਼ਨਲ ਅਡਵਾਂਸ ਕੰਜਪਸ਼ਨ ਡਿਪਾਜ਼ਿਟ’ ਸਕੀਮ ਤਹਿਤ ਇਹ ਪ੍ਰੈਕਟਿਸ ਜਾਰੀ ਹੈ ਨਾ ਕਿ ਹੁਣ ਨਵੀਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਉਦਯੋਗਿਕ ਖ਼ਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨਹੀਂ ਕੀਤੀ ਜਾ ਰਹੀ, ਸਗੋਂ ਉਹ ਆਪਣੀ ਵਾਧੂ ਅਗਾਊਂ ਖ਼ਪਤ ਜਮ੍ਹਾਂ ਰਾਸ਼ੀ ਕਿਸ਼ਤਾਂ ਵਿੱਚ ਵੀ ਦੇ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਾਸ਼ੀ ਦੇਰੀ ਨਾਲ ਜਮ੍ਹਾਂ ਕਰਵਾਉਣ ’ਤੇ ਕਿਸੇ ਵੀ ਉਦਯੋਗਿਕ ਖ਼ਪਤਕਾਰ ਨੂੰ ਪੈਨਾਲਟੀ ਜਾਂ ਖ਼ਪਤਕਾਰ ਦਾ ਬਿਜਲੀ ਮੀਟਰ ਨਹੀਂ ਕੱਟਿਆ ਜਾਵੇਗਾ।