ਤਾਜਪੁਰ ਡੇਅਰੀ ਕੰਪਲੈਕਸ ਦਾ ਪਸ਼ੂ ਹਸਪਤਾਲ ਬਿਮਾਰ

ਤਾਜਪੁਰ ਡੇਅਰੀ ਕੰਪਲੈਕਸ ਦਾ ਪਸ਼ੂ ਹਸਪਤਾਲ ਬਿਮਾਰ

ਤਾਜਪੁਰ ਡੇਅਰੀ ਕੰਪਲੈਕਸ ’ਚ ਚੱਲਦੇ ਸਿਵਲ ਪਸ਼ੂ ਹਸਪਤਾਲ ’ਚ ਭਰਿਆ ਪਾਣੀ।

ਸਤਵਿੰਦਰ ਬਸਰਾ
ਲੁਧਿਆਣਾ, 9 ਅਗਸਤ

ਸਥਾਨਕ ਤਾਜਪੁਰ ਰੋਡ ਦੇ ਡੇਅਰੀ ਕੰਪਲੈਕਸ ਵਿੱਚ ਪੈਂਦਾ ਸਿਵਲ ਪਸ਼ੂ ਹਸਪਤਾਲ ਖ਼ੁਦ ਬਿਮਾਰੀ ਦਿਖਾਈ ਦੇ ਰਿਹਾ ਹੈ। ਹਸਪਤਾਲ ਦੇ ਦਰਵਾਜ਼ੇ ਟੁੱਟੇ ਪਏ ਹਨ, ਛੱਤਾਂ ਤੋਂ ਚੋਂਦੇ ਅਤੇ ਬਾਹਰੋਂ ਆਉਂਦੇ ਮੀਂਹ ਦੇ ਪਾਣੀ ਨਾਲ ਇੱਥੇ ਰੱਖੀ ਫਰਿੱਜ ਵੀ ਕਈ ਵਾਰ ਖਰਾਬ ਹੋ ਚੁੱਕੀ ਹੈ। ਪਸ਼ੂਆਂ ਦੀ ਜਾਂਚ ਕਰਨ ਵਾਲੀ ਥਾਂ ਵਿੱਚ ਵੀ ਬਰਸਾਤੀ ਪਾਣੀ ਭਰਿਆ ਹੋਇਆ ਹੈ।  

ਜ਼ਿਲ੍ਹੇ ਵਿੱਚ ਹੈਬੋਵਾਲ ਤੋਂ ਬਾਅਦ ਤਾਜਪੁਰ ਰੋਡ ’ਤੇ ਵੱਡਾ ਡੇਅਰੀ ਕੰਪਲੈਕਸ ਹੈ। ਇੱਥੇ ਛੋਟੀਆਂ ਵੱਡੀਆਂ ਕਰੀਬ 300 ਡੇਅਰੀਆਂ ਹਨ। ਇਸ ਡੇਅਰੀ ਕੰਪਲੈਕਸ ਵਿੱਚ ਸਿਵਲ ਪਸ਼ੂ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿਸ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਬਣੀ ਹੋਈ ਹੈ। ਹਸਪਤਾਲ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਬਰਸਾਤਾਂ ਸਮੇਂ ਚੋਂਦੀਆਂ ਹਨ, ਇਮਾਰਤ ਨੀਵੀਂ ਹੋਣ ਕਰਕੇ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਹੀ ਗੋਹੇ ਅਤੇ ਗਾਰੇ ਵਾਲਾ ਗੰਦਾ ਪਾਣੀ ਕਮਰਿਆਂ ਵਿੱਚ ਭਰ ਜਾਂਦਾ ਹੈ। ਹੋਰ ਤਾਂ ਹੋਰ ਪਸ਼ੂਆਂ ਦੀ ਜਾਂਚ ਕਰਨ ਲਈ ਬਣਾਈ ਥਾਂ ਵੀ ਬਰਸਾਤਾਂ ’ਚ ਛੱਪੜ ਬਣ ਜਾਂਦੀ ਹੈ। ਪਸ਼ੂ ਪਾਲਕਾਂ ਨੂੰ ਇੱਥੇ ਪਸ਼ੂਆਂ ਦੇ ਠੀਕ ਹੋਣ ਦੀ ਥਾਂ ਹੋਰ ਬਿਮਾਰ ਹੋਣ ਦਾ ਡਰ  ਲੱਗਾ ਰਹਿੰਦਾ ਹੈ। 

ਇੱਥੇ ਤਾਇਨਾਤ ਫਾਰਮਾਸਿਸਟ ਡਾ. ਰਮਨ ਕੁਮਾਰ ਨੇ ਦੱਸਿਆ ਕਿ ਟੀਕੇ ਆਦਿ ਰੱਖਣ ਲਈ ਪਈ ਫਰਿੱਜ ਵੀ ਮੀਂਹ ਦੇ ਪਾਣੀ ਨਾਲ ਤਿੰਨ ਵਾਰ ਖਰਾਬ ਹੋ ਚੁੱਕੀ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਦੱਸਿਆ ਹੋਇਆ ਹੈ। ਸੁਣਨ ਵਿੱਚ ਆਇਆ ਹੈ ਕਿ ਇੱਥੇ ਕੋਈ ਪੱਕਾ ਡਾਕਟਰ ਨਹੀਂ ਹੈ।

ਡੇਅਰੀਆਂ ਦੇ ਨਾਲ ਹਸਪਤਾਲ ਵੀ ਤਬਦੀਲ ਹੋ ਸਕਦੈ: ਡਿਪਟੀ ਡਾਇਰੈਕਟਰ

ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾ. ਨਰਿੰਦਰ ਸ਼ਰਮਾ ਅਨੁਸਾਰ ਤਾਜਪੁਰ ਡੇਅਰੀ ਕੰਪਲੈਕਸ ਦੀਆਂ ਸਾਰੀਆਂ ਡੇਅਰੀਆਂ ਨਵੀਂ ਥਾਂ ’ਤੇ ਤਬਦੀਲ ਕੀਤੇ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ 12 ਅਗਸਤ ਦੀ ਮੀਟਿੰਗ ’ਚ ਕੋਈ ਨਾ ਕੋਈ ਫ਼ੈਸਲਾ ਹੋ ਜਾਵੇਗਾ। ਹਸਪਤਾਲ ਦੇ ਕਮਰਿਆਂ ਦੀ ਹਾਲਤ ਸਬੰਧੀ ਉਹ ਸੋਮਵਾਰ ਨੂੰ ਫਾਈਲ ਮੰਗਵਾ ਕਿ ਦਰੁਸਤ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਡਾ. ਸ਼ਰਮਾ ਨੇ ਦੱਸਿਆ ਕਿ ਨਵੀਂ ਭਰਤੀ ਮਗਰੋਂ 118 ਡਾਕਟਰਾਂ ਵਿੱਚੋਂ ਕਿਸੇ ਇੱਕ ਡਾਕਟਰ ਨੂੰ ਤਾਜਪੁਰ ਸਿਵਲ ਪਸ਼ੂ ਹਸਪਤਾਲ ਵਿੱਚ ਲਾਇਆ ਜਾ ਸਕਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All