Ludhiana Chhaoni Mohalla Firing: ਦੋ ਗੁੱਟਾਂ ਵਿੱਚ ਗੋਲੀ ਚੱਲੀ, ਨੌਜਵਾਨ ਜ਼ਖ਼ਮੀ
ਹਥਿਆਰਬੰਦ ਨੌਜਵਾਨਾਂ ਨੇ ਗੱਡੀ ਦੀ ਭੰਨ-ਤੋੜ ਕੀਤੀ
ਸਨਅਤੀ ਸ਼ਹਿਰ ਦੇ ਛਾਉਣੀ ਮੁਹੱਲੇ ਵਿੱਚ ਅੱਜ ਦਿਨ-ਦਿਹਾੜੇ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਕਾਰ ਸਵਾਰ ਇੱਕ ਨੌਜਵਾਨ ਹਮਲਾਵਰਾਂ ਦੇ ਹੱਥੇ ਚੜ੍ਹ ਗਿਆ, ਜਿਸ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਨੇ ਕਾਰ ਦੀ ਵੀ ਭੰਨ-ਤੋੜ ਕੀਤੀ। ਜ਼ਖ਼ਮੀ ਨੌਜਵਾਨ ਨੇ ਖ਼ੁਦ ਨੂੰ ਛੁਡਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਹੀ ਦੂਰੀ ’ਤੇ ਉਸ ਨੂੰ ਮੁੜ ਘੇਰ ਲਿਆ ਗਿਆ।
ਚਸ਼ਮਦੀਦਾਂ ਅਨੁਸਾਰ ਇਸੇ ਦੌਰਾਨ ਹਮਲਾਵਰ ਨੌਜਵਾਨ ਦੇ ਗੋਲੀ ਮਾਰ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਅਤੇ ਥਾਣਾ ਕੋਤਵਾਲੀ ਦੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖ਼ਮੀ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੀ ਪਛਾਣ ਆਕਾਸ਼ ਮੱਟੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਆਕਾਸ਼ ਮੱਟੂ ਕਾਰ ਵਿੱਚ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ। ਇਸੇ ਦੌਰਾਨ ਰੰਜਿਸ਼ ਤਹਿਤ ਕੁਝ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਾਰ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਇਲਾਕੇ ਵਿੱਚ ਭਗਦੜ ਮੱਚ ਗਈ। ਕਾਰ ਵਿੱਚ ਸਵਾਰ ਕੁਝ ਨੌਜਵਾਨ ਆਪਣੀ ਜਾਨ ਬਚਾਅ ਕੇ ਭੱਜ ਨਿਕਲੇ। ਆਕਾਸ਼ ਮੁੜ ਘੇਰ ਕੁੱਟਮਾਰ ਕੀਤੀ ਗਈ ਅਤੇ ਗੋਲੀ ਚਲਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਦੇ ਹੱਥ ਘਟਨਾ ਨਾਲ ਸਬੰਧਤ ਵੀਡੀਓ ਵੀ ਲੱਗੀ ਹੈ, ਜਿਸ ਵਿੱਚ ਇੱਕ ਨੌਜਵਾਨ ਹਥਿਆਰ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ, ਜਦਕਿ ਉਸ ਦਾ ਸਾਥੀ ਤੇਜ਼ੀ ਨਾਲ ਭੱਜਦਾ ਨਜ਼ਰ ਆ ਰਿਹਾ ਹੈ। ਥਾਣਾ ਕੋਤਵਾਲੀ ਦੇ ਐੱਸ ਐੱਚ ਓ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਆਸ-ਪਾਸ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ।

