ਇੱਕ ਵਿਅਕਤੀ ਨੂੰ ਦਿੱਤੇ 15 ਲੱਖ ਰੁਪਏ ਵਾਪਸ ਮੰਗਣ ਕਾਰਨ ਫਾਇਨਾਂਸਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ।
ਪਿੰਡ ਚੱਕਰ ਵਾਸੀ ਵਰਿੰਦਰਪਾਲ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਦੋਸਤ ਨਾਲ ਮਿਲ ਕੇ ਵਿੱਤੀ ਲੈਣ-ਦੇਣ ਦਾ ਕੰਮ ਕਰਦਾ ਹੈ। ਉਸ ਨੇ ਗੁਰਜੀਤ ਸਿੰਘ ਨੂੰ 15 ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਉਹ ਲੰਮੇ ਸਮੇਂ ਤੋਂ ਵਾਪਸ ਨਹੀਂ ਕਰ ਰਿਹਾ ਸੀ। 27 ਜੁਲਾਈ ਨੂੰ ਵਰਿੰਦਰਪਾਲ ਅਤੇ ਉਸ ਦਾ ਦੋਸਤ ਪੈਸੇ ਵਾਪਸ ਲੈਣ ਲਈ ਫੇਜ਼ 1, ਦੁੱਗਰੀ ਵਿੱਚ ਗੁਰਜੀਤ ਸਿੰਘ ਦੇ ਘਰ ਗਏ ਸਨ। ਉਨ੍ਹਾਂ ਜਦੋਂ ਪੈਸੇ ਮੰਗੇ ਤਾਂ ਗੁਰਜੀਤ ਸਿੰਘ, ਉਸ ਦੇ ਸਾਥੀ ਗਗਨਦੀਪ ਸਿੰਘ ਅਤੇ ਦੋ ਹੋਰ ਅਣਪਛਾਤੇ ਲੋਕਾਂ ਨੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਬਹਿਸ ਦੌਰਾਨ ਗੁਰਜੀਤ ਨੇ ਉਨ੍ਹਾਂ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਗਗਨਦੀਪ ਸਿੰਘ ਨੇ ਆਪਣੇ ਹੱਥ ਵਿੱਚ ਫੜੀ ਹੋਈ ਪਿਸਤੌਲ ਤੋਂ ਤਿੰਨ ਗੋਲੀਆਂ ਵਰਿੰਦਰਪਾਲ ਵੱਲ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਉਸ ਦੀਆਂ ਲੱਤਾਂ ਵਿੱਚ ਸਿੱਧੀਆਂ ਲੱਗੀਆਂ। ਇਸ ਮਗਰੋਂ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਕਿ ਵਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਗੁਰਜੀਤ ਸਿੰਘ ਵਾਸੀ ਸੀ ਆਰ ਪੀ ਐੱਫ ਕਲੋਨੀ ਫੇਜ਼-1 ਦੁੱਗਰੀ, ਗਗਨਦੀਪ ਸਿੰਘ ਉਰਫ ਗੱਗੀ ਵਾਸੀ ਪਿੰਡ ਦੁੱਗਰੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

