ਕੂੜਾ ਡੰਪ ਖ਼ਿਲਾਫ਼ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖਿਆ
ਲੋਕਾਂ ਨੇ ਆਵਾਜਾਈ ਰੋਕੀ; ਪ੍ਰਸ਼ਾਸਨ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ
ਕੜਾਕੇ ਦੀ ਠੰਢ ਵਿੱਚ ਅੱਜ ਜਦੋਂ ਲੋਕ ਕੰਮਕਾਰਾਂ ਲਈ ਆ ਰਹੇ ਸਨ ਤਾਂ ਸਥਾਨਕ ਝਾਂਣੀ ਰਾਣੀ ਚੌਕ ਨੇੜੇ ਕੂੜੇ ਦੇ ਬੰਦ ਕੀਤੇ ਠੰਪ ਮੂਹਰੇ ਮੁੜ ਤੋਂ ਕੂੜਾ ਸੁੱਟਿਆ ਹੋਇਆ ਦੇਖ ਕੇ ਹੰਗਾਮਾ ਖੜ੍ਹਾ ਹੋ ਗਿਆ। ਦਿਨ ਚੜ੍ਹਦੇ ਹੀ ਇਸ ਥਾਂ ਨੇੜੇ ਧਰਨਾ ਲੱਗ ਗਿਆ। ਇਸ ਥਾਂ ਨੇੜਲੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤੇ। ਕੁਝ ਹੀ ਦੇਰ ਵਿੱਚ ਔਰਤਾਂ ਵੀ ਧਰਨੇ ਵਾਲੀ ਥਾਂ ਪਹੁੰਚ ਗਈਆਂ। ਧਰਨਾਕਾਰੀਆਂ ਨੇ ਕਿਹਾ ਕਿ ਇਥੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਕੂੜੇ ਦਾ ਡੰਪ ਬੰਦ ਕਰਵਾਉਣ ਲਈ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤੀ ਹੁਕਮਾਂ ’ਤੇ ਇਥੇ ਕੂੜਾ ਸੁੱਟਣਾ ਬੰਦ ਕਰਵਾਇਆ ਗਿਆ। ਕਈ ਮਹੀਨੇ ਤੋਂ ਉਨ੍ਹਾਂ ਦੀ ਜੱਦੋ-ਜਹਿਦ ਮਗਰੋਂ ਇਹ ‘ਕਲੰਕ’ ਧੋਤਾ ਗਿਆ ਸੀ ਜਿਸ ਨੂੰ ਹੁਣ ਮੁੜ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਧਰਨੇ ਵਿੱਚ ਸ਼ਾਮਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਜਰਨੈਲ ਸਿੰਘ ਲੋਹਟ, ਕੌਂਸਲਰ ਡਿੰਪਲ ਗੋਇਲ ਤੇ ਉਨ੍ਹਾਂ ਦੇ ਪਤੀ ਰੋਹਿਤ ਗੋਇਲ ਰੌਕੀ ਨੇ ਉਥੇ ਲੱਗਿਆ ਇਕ ਬੋਰਡ ਵੀ ਦਿਖਾਇਆ। ਇਸ ਵੱਡੇ ਅਕਾਰ ਦੇ ਬੋਰਡ ’ਤੇ ਸਾਫ ਲਿਖਿਆ ਹੋਇਆ ਹੈ ਕਿ ਅਦਾਲਤੀ ਹੁਕਮਾਂ ’ਤੇ ਇਥੇ ਕੂੜਾ ਸੁੱਟਣਾ ਮਨ੍ਹਾ ਹੈ। ਇਸ ਦੇ ਬਾਵਜੂਦ ਅੱਜ ਜਾਣਬੁੱਝ ਕੇ ਇਥੇ ਕੂੜਾ ਸੁੱਟਿਆ ਗਿਆ ਤਾਂ ਜੋ ਡੰਪ ਨੂੰ ਮੁੜ ਚਾਲੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਕੂੜੇ ਨਾਲ ਭਰੀਆਂ ਹੋਈਆਂ ਹਨ। ਇਹ ਕੂੜਾ ਚੁੱਕ ਕੇ ਸ਼ਹਿਰ ਦੀ ਸਫਾਈ ਤੇ ਕੂੜੇ ਦੇ ਡੰਪ ਦਾ ਪੱਕ ਹੱਲ ਕਰਨ ਦੀ ਥਾਂ ਪ੍ਰਸ਼ਾਸਨ ਡੰਗ ਟਪਾਊ ਤੇ ਲੋਕ ਵਿਰੋਧੀ ਰਾਹ ਪਿਆ ਹੋਇਆ ਹੈ। ਧਰਨੇ ਦੌਰਾਨ ਕੁਝ ਲੋਕਾਂ ਨਾਲ ਧਰਨਾਕਾਰੀਆਂ ਦੀ ਬਹਿਸ ਵੀ ਹੋਈ ਅਤੇ ਪੁਲੀਸ ਨੂੰ ਵਿੱਚ ਪੈ ਕੇ ਮਾਹੌਲ ਸ਼ਾਂਤ ਕਰਵਾਉਣਾ ਪਿਆ। ਕੁਝ ਘੰਟੇ ਇਥੇ ਹੀ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਪਹੁੰਚਿਆ ਤਾਂ ਧਰਨਾਕਾਰੀ ਉੱਠ ਕੇ ਝਾਂਣੀ ਰਾਣੀ ਚੌਕ ਦੇ ਵਿਚਕਾਰ ਬੈਠ ਗਏ। ਇਸ ਨਾਲ ਰੇਲਵੇ ਪੁਲ ਤੇ ਰਾਏਕੋਟ ਰੋਡ ਵਾਲਾ ਟ੍ਰੈਫਿਕ ਬੰਦ ਹੋ ਗਿਆ। ਭਰਵੀਂ ਗਿਣਤੀ ਵਿੱਚ ਔਰਤਾਂ ਵੀ ਇਸ ਧਰਨੇ ਵਿੱਚ ਸ਼ਾਮਲ ਹੋਈਆਂ। ਮਿੰਟਾਂ ਵਿੱਚ ਹੀ ਸ਼ਹਿਰ ਦੀ ਸਾਰੀ ਆਵਾਜਾਈ ਠੱਪ ਹੋ ਗਈ ਕਿਉਂਕਿ ਹਰ ਪਾਸੇ ਜਾਣ ਲਈ ਇਹੋ ਮੁੱਖ ਰਸਤਾ ਹੈ। ਇਸ ‘ਤੇ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨ ਲਈ ਟ੍ਰੈਫਿਕ ਪੁਲੀਸ ਵੀ ਮੁਸਤੈਦ ਹੋ ਗਈ। ਧਰਨਾਕਾਰੀਆਂ ਨਾਲ ਗੱਲਬਾਤ ਲਈ ਪਹਿਲਾਂ ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਤੇ ਥਾਣਾ ਸਿਟੀ ਮੁਖੀ ਪਰਮਿੰਦਰਪਾਲ ਸਿੰਘ ਆਏ। ਗੱਲਬਾਤ ਸਿਰੇ ਨਾ ਲੱਗਣ ’ਤੇ ਧਰਨਾ ਜਾਰੀ ਰਹਿਣ ‘ਤੇ ਤਹਿਸੀਲਦਾਰ ਵਰਿੰਦਰ ਭਾਟੀਆ ਮਸਲਾ ਸੁਲਝਾਉਣ ਲਈ ਪਹੁੰਚੇ। ਉਨ੍ਹਾਂ ਕੁਝ ਦੇਰ ਭੱਜ-ਨੱਠ ਕਰਕੇ ਇਸ ਥਾਂ ਤੋਂ ਕੂੜਾ ਚੁਕਾਉਣਾ ਸ਼ੁਰੂ ਕੀਤਾ ਅਤੇ ਅਗਾਂਹ ਤੋਂ ਇਸ ਥਾਂ ‘ਤੇ ਕੂੜਾ ਨਾ ਸੁੱਟਣ ਦਾ ਭਰੋਸਾ ਦਿਵਾਇਆ। ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸ਼ਹਿਰ ਦਾ ਕੂੜਾ ਚੁੱਕਣ ਲਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ ਹੈ। ਇਸ ’ਤੇ ਧਰਨਾ ਚੁੱਕ ਲਿਆ ਗਿਆ ਤੇ ਆਵਾਜਾਈ ਬਹਾਲ ਹੋ ਗਈ।

