ਗੋਲੀ ਕਾਂਡ: ਨਮ ਅੱਖਾਂ ਨਾਲ ਵਾਸੂ ਦਾ ਅੰਤਿਮ ਸੰਸਕਾਰ
ਘਰ ’ਚੋਂ ਇਕੱਲਾ ਕਮਾਊ ਮੈਂਬਰ ਸੀ ਨੌਜਵਾਨ
Advertisement
ਇੱਥੇ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਦੀ ਆਪਸੀ ਰੰਜ਼ਿਸ਼ ਕਾਰਨ ਹੋਈ ਗੋਲੀਬਾਰੀ ਨੇ ਵਾਸੂ ਚੋਪੜਾ ਦਾ ਘਰ ਬਰਬਾਦ ਕਰ ਦਿੱਤਾ। ਉਹ ਆਪਣੀ ਮਾਂ, ਪਤਨੀ ਤੇ ਬੱਚਿਆਂ ਦਾ ਸਹਾਰਾ ਸੀ ਤੇ ਇਕੱਲਾ ਹੀ ਕਮਾਉਣ ਵਾਲਾ ਵੀ ਸੀ। ਡੇਢ ਤੋਂ ਦੋ ਸਾਲ ਪਹਿਲਾਂ ਵਾਸੂ ਦੇ ਚਾਚਾ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ। ਵਾਸੂ ਚੋਪੜਾ ਤੋਂ ਬਾਅਦ ਹੁਣ ਪਰਿਵਾਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਵਾਸੂ ਦਾ ਵਿਆਹ ਸਿਰਫ਼ ਚਾਰ ਸਾਲ ਹੀ ਹੋਇਆ ਸੀ ਅਤੇ ਉਸਦੇ ਦੋ ਬੱਚੇ ਸਨ।
ਸਲੇਮ ਟਾਬਰੀ ਇਲਾਕੇ ਦੇ ਵਸਨੀਕ ਵਾਸੂ ਚੋਪੜਾ ਦੀ ਮੌਤ ਤੋਂ ਬਾਅਦ ਸ਼ਹਿਰ ਦੀਆਂ ਰਾਜਨੀਤਕ ਅਤੇ ਸਮਾਜਿਕ ਹਸਤੀਆਂ ਨੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ। ਹੰਝੂ ਭਰੀਆਂ ਅੱਖਾਂ ਨਾਲ ਸਾਰਿਆਂ ਨੇ ਵਾਸੂ ਨੂੰ ਅੰਤਿਮ ਵਿਦਾਈ ਦਿੱਤੀ। ਵਾਸੂ ਦੀ ਮਾਸੀ ਦੇ ਪੁੱਤਰ ਸ਼ਿਵਮ ਨੇ ਕਿਹਾ ਕਿ ਲਾੜਾ ਵਰਿੰਦਰ ਕਪੂਰ ਨਾ ਸਿਰਫ਼ ਉਨ੍ਹਾਂ ਦਾ ਗੁਆਂਢੀ ਹੈ ਸਗੋਂ ਉਨ੍ਹਾਂ ਦਾ ਚੰਗਾ ਦੋਸਤ ਵੀ ਹੈ। ਸ਼ਿਵਮ ਨੇ ਕਿਹਾ ਕਿ ਵਾਸੂ ਵਿਆਹ ਲਈ ਬਹੁਤ ਉਤਸ਼ਾਹਿਤ ਸੀ। ਵਿਆਹ ਦੌਰਾਨ ਉਸਦਾ ਅੱਧਾ ਪਰਿਵਾਰ ਹਾਲ ਵਿੱਚ ਸੀ, ਜਦੋਂਕਿ ਵਾਸੂ ਆਪਣੀ ਪਤਨੀ ਅਤੇ ਪੁੱਤਰ ਨਾਲ ਬਾਹਰ ਘੁੰਮ ਰਿਹਾ ਸੀ, ਜਿਸ ਦੌਰਾਨ ਗੋਲੀਆਂ ਚੱਲੀਆਂ ਤੇ ਇੱਕ ਗੋਲੀ ਉਸ ਦੀ ਛਾਤੀ ਵਿੱਚ ਲੱਗੀ।
Advertisement
ਗੋਲੀ ਛਾਤੀ ਦੇ ਖੱਬੇ ਪਾਸੇ ਲੱਗੀ
ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਨੇ ਵਾਸੂ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਜਿਨ੍ਹਾਂ ਵਿੱਚ ਡਾ. ਅਭਿਸ਼ੇਕ, ਡਾ. ਸੁਮਿੰਤਾ ਨਰੂਲਾ ਅਤੇ ਡਾ. ਹਰੀਸ਼ ਸ਼ਾਮਲ ਸਨ। ਪੋਸਟਮਾਰਟਮ ਵਿੱਚ ਪਤਾ ਲੱਗਿਆ ਕਿ ਗੋਲੀ ਉਸਦੀ ਛਾਤੀ ਦੇ ਖੱਬੇ ਪਾਸੇ ਲੱਗੀ ਸੀ।
Advertisement
