ਗੋਲੀਕਾਂਡ: ਹੌਜ਼ਰੀ ਕਾਰੋਬਾਰੀ ਦੇ ਘਰ ਪੁੱਜੇ ਰਾਜਾ ਵੜਿੰਗ
ਸਨਅਤੀ ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਬਾਥ ਕੈਸਟਲ ਮੈਰਿਜ ਪੈਲੇਸ ਵਿੱਚ ਪਿਛਲੇ ਸ਼ਨਿੱਚਰਵਾਰ ਵਾਪਰੇ ਗੋਲੀਕਾਂਡ ਵਿੱਚ ਲਾੜੇ ਦੀ ਮਾਸੀ ਤੇ ਦੋਸਤ ਦੇ ਕਤਲ ਦੀ ਵਾਰਦਾਤ ਤੋਂ ਬਾਅਦ ਹਾਲੇ ਵੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ। ਇਸ ਮਾਮਲੇ ਵਿੱਚ ਮਾਰੇ ਗਏ ਹੌਜ਼ਰੀ ਕਾਰੋਬਾਰੀ ਵਾਸੂ ਚੌਪੜਾ ਦੇ ਘਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਪੁਲੀਸ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇ ਜਲਦ ਹੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਜਲਦ ਹੀ ਕਾਂਗਰਸੀ ਵਰਕਰ ਪੁਲੀਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ। ਹੌਜ਼ਰੀ ਕਾਰੋਬਾਰੀ ਵਾਸੂ ਚੋਪੜਾ ਦੇ ਘਰ ਪੁੱਜੇ ਰਾਜਾ ਵੜਿੰਗ ਨੇ ਵਾਸੂ ਚੋਪੜਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਵਾਅਦਾ ਕੀਤਾ ਸੀ ਕਿ ਜਲਦੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਏਗਾ ਪਰ ਅੱਜ ਪੂਰਾ ਹਫ਼ਤਾ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਇਸ ਮਾਮਲੇ ਵਿੱਚ ਪਿੱਛੇ ਹੱਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਸੂ ਚੋਪੜਾ ਪਰਿਵਾਰ ਕਾਂਗਰਸ ਦਾ ਬਹੁਤ ਨਜ਼ਦੀਕੀ ਪਰਿਵਾਰ ਹੈ, ਜਿਸ ਨੂੰ ਇਨਸਾਫ਼ ਦਿਵਾਉਣ ਲਈ ਸਾਰੀ ਕਾਂਗਰਸ ਇਕਜੁੱਟ ਹੈ। ਹਾਲੇ ਚੋਣਾਂ ਤੱਕ ਉਹ ਚੁੱਪ ਹਨ ਜੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ ਤਾਂ ਚੋਣਾਂ ਤੋਂ ਬਾਅਦ ਲੁਧਿਆਣਾ ਵਿੱਚ ਪੁਲੀਸ ਤੇ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹ ਦਿੱਤਾ ਜਾਏਗਾ।
