ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਸਤੰਬਰ
ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਾਇਕ ਮਾਸਟਰ ਸਲੀਮ ਖ਼ਿਲਾਫ਼ ਤਿੰਨ ਦਿਨਾਂ ਦੇ ਅੰਦਰ ਅੰਦਰ ਕੇਸ ਦਰਜ ਨਾ ਕੀਤਾ ਗਿਆ ਤਾਂ ਪੰਜਾਬ ਭਰ ਤੋਂ ਹਜ਼ਾਰਾਂ ਸ਼ਿਵ ਸੈਨਿਕ ਜਲੰਧਰ ਦਿਹਾਤੀ ਐੱਸਐੱਸਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਇੱਥੇ ਫਿਰੋਜ਼ ਗਾਂਧੀ ਮਾਰਕੀਟ ਸਥਿਤ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਨਿਤਿਨ ਘੰਡ ਦੀ ਦੇਖ-ਰੇਖ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਮੁੱਖ ਤੌਰ ’ਤੇ ਸ਼ਿਵ ਸੈਨਾ ਯੂਬੀਟੀ ਪੰਜਾਬ ਦੇ ਮੁੱਖ ਬੁਲਾਰੇ ਚੰਦਰ ਕਾਂਤ ਚੱਢਾ, ਟਰਾਂਸਪੋਰਟ ਸੈੱਲ ਦੇ ਮੁਖੀ ਮਨੋਜ ਟਿੰਕੂ, ਸੂਬਾ ਯੁਵਾ ਸੈਨਾ ਦੇ ਜਨਰਲ ਸਕੱਤਰ ਗੌਤਮ ਸੂਦ, ਜ਼ਿਲ੍ਹਾ ਸਰਪ੍ਰਸਤ ਰਜਿੰਦਰ ਭਾਟੀਆ ਆਦਿ ਹਾਜ਼ਰ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਬੁਲਾਰੇ ਚੰਦਰ ਕਾਂਤ ਚੱਢਾ ਨੇ ਕਿਹਾ ਕਿ ਮਾਸਟਰ ਸਲੀਮ ਵੱਲੋਂ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਦਾ ਕੇਂਦਰ ਮਾਤਾ ਚਿੰਤਪੁਰਨੀ ਪ੍ਰਤੀ ਕੀਤੀ ਟਿੱਪਣੀ ਨਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਸ਼ਿਕਾਇਤਾਂ ਦੇ ਬਾਵਜੂਦ ਮਾਮਲੇ ਵਿੱਚ ਪ੍ਰਸ਼ਾਸਨ ਨਰਮ ਰਵੱਈਆ ਅਪਣਾ ਰਿਹਾ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।