Shiromani Akali Dal: ‘ਆਪ’ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਮੁੱਕਰੀ: ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਫ਼ਾਈ ਕਾਮਿਆਂ ਦੇ ਸੰਘਰਸ਼ ਦੀ ਹਮਾਇਤ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਸਫ਼ਾਈ ਸੇਵਕਾਂ ਦੀ ਹੜਤਾਲ ਸਬੰਧੀ ਹਾਅ ਦਾ ਨਾਅਰਾ ਮਾਰਦੇ ਹੋਏ ਸਮਰਾਲਾ ਨਗਰ ਕੌਂਸਲ ਅਧੀਨ ਕੰਮ ਕਰਦੇ ਕਾਮਿਆਂ ਦੀ ਹੜਤਾਲ ਵਿੱਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਡਟਣ ਦਾ ਵਾਅਦਾ ਕੀਤਾ।
ਸ੍ਰੀ ਢਿੱਲੋਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਹੁੰਦੀ ਸੀ ਤਾਂ ਉਸ ਵੇਲੇ ਮੁਲਾਜ਼ਮਾਂ ਦੀ ਭਰਤੀ ਸਿੱਧੀ ਰੈਗੂਲਰ ਕੀਤੀ ਜਾਂਦੀ ਸੀ ਅਤੇ ਠੇਕੇ ’ਤੇ ਮੁਲਾਜ਼ਮ ਭਰਤੀ ਨਹੀਂ ਸੀ ਕੀਤੇ ਜਾਂਦੇ। ਇਸ ਤੋਂ ਇਲਾਵਾ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ, ਪੈਨਸ਼ਨ ਵੀ ਦਿੱਤੀ ਜਾਂਦੀ ਸੀ। ਅੱਜ ਪੰਜਾਬ ਅੰਦਰ ਸਮੂਹ ਮੁਲਾਜ਼ਮ ਭਾਵੇਂ ਉਹ ਅਧਿਆਪਕ ਹਨ ਜਾਂ ਸਫ਼ਾਈ ਸੇਵਕ, ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਹਨ। ਕੱਚੇ ਮੁਲਾਜ਼ਮ ਪੱਕੇ ਕਰਨ ਲਈ ਧਰਨੇ ਦੇ ਰਹੇ ਹਨ। ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਅੰਦਰ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਪਰ ਹੁਣ ਪੰਜ ਸਾਲ ਬੀਤਣ ਵਾਲੇ ਹਨ, ‘ਆਪ’ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਸ਼੍ਰੋਮਣੀ ਅਕਾਲੀ ਦਲ ਠੇਕਾ ਮੁਲਾਜ਼ਮਾਂ ਅਤੇ ਪੁਰਾਣੀ ਪੈਨਸ਼ਨ ਦੀ ਮੰਗ ਰਹੇ ਕਰਮਚਾਰੀਆਂ ਦੇ ਹੱਕ ਵਿੱਚ ਖੜ੍ਹਾ ਹੈ। ਜੇ ਮੁਲਾਜ਼ਮਾਂ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਲੰਬਾ ਸੰਘਰਸ਼ ਵੀ ਲੜਨਾ ਪਿਆ ਤਾਂ ਉਹ ਸੰਘਰਸ਼ ਕਰਨਗੇ।

