Shahi Imam of Punjab: ਹੁੱਲੜਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਸ਼ਾਹੀ ਇਮਾਮ
ਪੁਲੀਸ ਨੂੰ ਦਿੱਤੀ ਸ਼ਿਕਾਇਤ; ਮੁਹੱਰਮ ਵੇਲੇ ਵਾਪਰੀ ਸੀ ਘਟਨਾ
ਮੁਹੱਰਮ ਦੇ ਦਿਨ ਹੋਏ ਧਾਰਮਿਕ ਸਮਾਗਮ ਵਿੱਚ ਕੁੱਝ ਲੋਕਾਂ ਵੱਲੋਂ ਕੀਤੀ ਗਈ ਬੇਅਦਬੀ ਅਤੇ ਹੁੱਲੜਬਾਜ਼ੀ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅੱਜ ਜਾਮਾ ਮਸਜਿਦ ਵਿੱਚ ਮੀਟਿੰਗ ਉਪਰੰਤ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਵਿੱਚ ਸ਼ਰਾਬ, ਨਾਚ, ਗਾਣਾ ਅਤੇ ਔਰਤਾਂ ਦਾ ਬੇਪਰਦਾ ਇਸ ਤਰ੍ਹਾਂ ਨੱਚਣਾ ਸ਼ਰਮ ਦੀ ਗੱਲ ਹੈ ਅਤੇ ਵੱਡੀ ਗਿਣਤੀ ਵਿੱਚ ਬਿਨਾਂ ਕਿਸੇ ਕਾਰਨ ਹਥਿਆਰ ਚੁੱਕ ਕੇ ਆਮ ਜਨਤਾ ਨੂੰ ਡਰਾਉਣ ਦੀ ਕੋਸ਼ਿਸ਼ ਕਰਨਾ ਅਫ਼ਸੋਸਨਾਕ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਮੁਹੱਰਮ ਦੇ ਨਾਂ ’ਤੇ ਇਸਲਾਮ ਧਰਮ ਦੀ ਬਦਨਾਮੀ ਕਰਨ ਅਤੇ ਗੁੰਡਾਗਰਦੀ ਕਰਨ ਦੀ ਕਿਸੇ ਵੀ ਮੁਸਲਿਮ ਸੰਸਥਾ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸ਼ਾਹੀ ਇਮਾਮ ਨੇ ਕਿਹਾ ਕਿ ਪਰਵਾਸੀ ਭਰਾ ਸਨਅਤ ਦੀ ਰੀੜ੍ਹ ਦੀ ਹੱਡੀ ਹਨ ਪਰ ਪਰਵਾਸੀਆਂ ਦੇ ਨਾਂ ’ਤੇ ਕੋਈ ਮਨਜ਼ੂਰੀ ਲੈ ਕੇ ਜੇ ਇਸਲਾਮ ਧਰਮ ਅਤੇ ਸ਼ਹਿਰ ਦੇ ਭਾਈਚਾਰੇ ਨਾਲ ਖਿਲਵਾੜ ਕਰਨਾ ਚਾਹੇਗਾ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਦੌਰਾਨ ਸ਼ਾਹੀ ਇਮਾਮ ਵੱਲੋਂ ਕੀਤੇ ਫ਼ੈਸਲੇ ਤਹਿਤ ਵਫ਼ਦ ਨੇ ਮੁਹੰਮਦ ਮੁਸਤਕੀਮ ਦੀ ਅਗਵਾਈ ਹੇਠ ਪੁਲੀਸ ਦੇ ਵਧੀਕ ਪੁਲੀਸ ਕਮਿਸ਼ਨਰ ਰੁਪਿੰਦਰਪਾਲ ਸਿੰਘ ਨੂੰ ਲਿਖਤੀ ਰੂਪ ਵਿੱਚ ਹੁੱਲੜਬਾਜ਼ੀ ਕਰ ਕੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਲਈ ਮੰਗ ਪੱਤਰ ਵੀ ਦਿੱਤਾ। ਵਧੀਕ ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਮੁਹੱਰਮ ਦੇ ਦਿਨ ਕਈ ਇਲਾਕਿਆਂ ਵਿੱਚ ਡੀ ਜੇ ’ਤੇ ਧਾਰਮਿਕ ਗੀਤਾਂ ਦੀ ਥਾਂ ਗਾਣੇ ਚਲਾਏ ਗਏ ਅਤੇ ਨਾਚ ਕੀਤਾ ਗਿਆ। ਇਸ ਦੌਰਾਨ ਔਰਤਾਂ ਅਤੇ ਕੁੱਝ ਸ਼ਰਾਬੀ ਲੋਕ ਵੀ ਸ਼ਾਮਲ ਹੋਏ। ਇਸ ਦੌਰਾਨ ਨੌਜਵਾਨਾਂ ਨੇ ਡੰਡੇ, ਤਲਵਾਰਾਂ ਅਤੇ ਵੱਖ ਵੱਖ ਤਰ੍ਹਾਂ ਦੇ ਹਥਿਆਰ ਲਹਿਰਾ ਕੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।

