ਸ਼ਹੀਦ ਬਾਬਾ ਕਾਹਲਾ ਸਿੰਘ ਯਾਦਗਾਰੀ ਨਾਟਕ ਮੇਲਾ ਕਰਵਾਇਆ
ਨਵੀਂ ਪੀੜ੍ਹੀ ਨੂੰ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਦੱਸਣ ਦੇ ਮਨੋਰਥ ਵਜੋਂ ਤਾਜਪਰ ਬੇਟ, ਨੇੜੇ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਾਟਕ ਮੇਲਾ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਗਰਾਮ ਪੰਚਾਇਤ ਤਾਜਪੁਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਨਾਟਕ ਮੇਲੇ ਵਿੱਚ ਵਿੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਫਿਲਮੀ ਕਲਾਕਾਰਾਂ ਵੱਲੋਂ ‘ਇਹ ਲਹੂ ਕਿਸਦਾ ਹੈ’, ‘ਮਿੱਟੀ ਰੁਦਨ ਕਰੇ’, ‘ਠੱਗੀ’ ਅਤੇ ਕੋਰੀਓਗ੍ਰਾਫੀਆਂ ਦੀਆਂ ਸਫਲ ਪੇਸ਼ਕਾਰੀਆਂ ਦਿੱਤੀਆਂ ਗਈਆਂ। ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਮੰਚ ਸੰਚਾਲਨ ਕੀਤਾ ਅਤੇ ਬੱਚਿਆਂ ਨਾਲ ਮਿਲ ਕੇ ਉਸਾਰੂ ਬਾਲ ਗੀਤਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਮੇਲੇ ਦੇ ਮੁੱਖ ਪ੍ਰਬੰਧਕ ਭਰਪੂਰ ਸਿੰਘ ਤਾਜਪੁਰ ਨੇ ਦੱਸਿਆ ਕਿ ਅੰਗਰੇਜ਼ੀ ਹਕੂਮਤ ਸਮੇਂ ਪੰਜਾਬੀਆਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦ ਬਾਬਾ ਕਾਹਲਾ ਸਿੰਘ ਪਾਕਿਸਤਾਨ ਵਿੱਚ 36 ਪਿੰਡਾਂ ਦੇ ਜੈਲਦਾਰ ਸਨ। ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਲਈ ਹਰ ਸਾਲ ਇਹ ਮੇਲਾ ਕਰਵਾਇਆ ਜਾਵੇਗਾ। ਮੇਲੇ ਦੌਰਾਨ ਕਈ ਅਗਾਂਹਵਧੂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜੈਨਕੋ ਦੇ ਸਾਬਕਾ ਚੇਅਰਮੈਨ ਤਿੰਦਰਪਾਲ ਸਿੰਘ ਤਾਜਪੁਰ ਨੇ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੇ ਦਿਨ ਮਨਾਉਣ ਵਾਲੇ ਵਧਾਈ ਦੇ ਹੱਕਦਾਰ ਹਨ। ਸ਼ਹੀਦ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਪੋਤੇ, ਪੜਪੋਤੇ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਹੋਏ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਤਾਜਪੁਰ, ਧਾਰਮਿੰਦਰ ਸਿੰਘ ਧਾਜਪੁਰੀ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਮੇਜਰ ਸਿੰਘ, ਭਰਪੂਰ ਸਿੰਘ, ਕਮਲਜੀਤ ਸਿੰਘ, ਗੁਰਦੀਪ ਸਿੰਘ ਮੰਡਾਹਰ, ਕਰਮਜੀਤ ਸਿੰਘ ਖਾਲਸਾ, ਮਨਿੰਦਰਜੀਤ ਸਿੰਘ, ਜਤਿੰਦਰ ਸਿੰਘ ਗਰੇਵਾਲ, ਬਾਬਾ ਚਮਕੌਰ ਸਿੰਘ, ਜਸਕਰਨ ਸਿੰਘ, ਸੁਖਬੀਰ ਸਿੰਘ ਸੁੱਖੀ, ਕੁਲਦੀਪ ਸਿੰਘ ਰਕਬਾ, ਪਰਮਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਡਾਬੇ ਵਾਲੇ, ਦਵਿੰਦਰ ਸਿੰਘ, ਜੋਤੀ, ਮਨਦੀਪ ਸਿੰਘ ਜਵੱਦੀ ਅਤੇ ਅਮਨਦੀਪ ਸਿੰਘ ਜੌਹਲ ਆਦਿ ਵੀ ਹਾਜ਼ਰ ਸਨ।
