DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਘਰਾਂ ’ਚ ਦਾਖ਼ਲ ਹੋਇਆ ਸੀਵਰੇਜ ਦਾ ਗੰਦਾ ਪਾਣੀ

ਕੌਂਸਲਰ ਨੇ ਸੁਣਵਾਈ ਨਾ ਹੋਣ ਦਾ ਰੋਣਾ ਰੋਇਆ; ਮੁਹੱਲਾ ਨਿਵਾਸੀਆਂ ਵੱਲੋਂ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਬਿਰਧ ਔਰਤ ਘਰ ਦੇ ਵਿਹੜੇ ਵਿੱਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਦਿਖਾਉਂਦੀ ਹੋਈ।
Advertisement

ਇੱਥੇ ਸ਼ੇਰਪੁਰਾ ਰੋਡ ਸਥਿਤ ਡੀ ਏ ਵੀ ਸਕੂਲ ਵਾਲੀ ਗਲੀ ਦੇ ਬਾਗ ਖੇਤਾ ਰਾਮ ਮੁਹੱਲੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਹੁਣ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਸ ਦਿਨ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੇ ਕਿਹਾ ਕਿ ਉਹ ਵਾਰ-ਵਾਰ ਸ਼ਿਕਾਇਤਾਂ ਤੇ ਮਿੰਨਤਾਂ ਕਰ ਕੇ ਅੱਕ ਚੁੱਕੇ ਹਨ। ਇਸੇ ਲਈ ਅੱਜ ਮੀਡੀਆ ਤੇ ਵਾਰਡ ਨੰਬਰ ਇੱਕੀ ਦੀ ਮਹਿਲਾ ਕੌਂਸਲਰ ਕਵਿਤਾ ਕੱਕੜ ਨੂੰ ਮੌਕੇ ’ਤੇ ਸੱਦ ਕੇ ਹਾਲਾਤ ਦਿਖਾਏ। ਇਸ ਮੌਕੇ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਲੋਕਾਂ ਨੇ ਸਮੱਸਿਆ ਦਾ ਹੱਲ ਨਾ ਹੋਣ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰਨ ਦੀ ਧਮਕੀ ਦਿੱਤੀ ਹੈ।

ਇਸ ਮੁਹੱਲੇ ਵਿੱਚ ਰਹਿੰਦੇ ਪਵਿੱਤਰ ਸਿੰਘ, ਭੀਮ ਕੁਮਾਰ, ਸੋਨੀਆ, ਰਜਨੀ ਅਤੇ ਈਸ਼ਵਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਮੁਹੱਲੇ ਦੀ ਸਫ਼ਾਈ ਦਾ ਬੁਰਾ ਹਾਲ ਹੈ। ਚੁਫੇਰੇ ਕੂੜਾ ਖਿੱਲਰਿਆ ਹੋਇਆ ਹੈ ਜਿਸ ਨੂੰ ਕੋਈ ਚੁੱਕਣ ਨਹੀਂ ਆਉਂਦਾ। ਸਾਰਾ ਮੁਹੱਲਾ ਇਹ ਸਮੱਸਿਆ ਦੂਰ ਕਰਨ ਮੰਗ ਕਰ ਰਿਹਾ ਸੀ ਕਿ ਗਲੀਆਂ ਵਿੱਚ ਪਾਣੀ ਵੀ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਸਮੱਸਿਆ ਉਦੋਂ ਗੰਭੀਰ ਹੋ ਗਈ ਜਦੋਂ ਸੀਵਰੇਜ ਜਾਮ ਹੋ ਗਿਆ। ਸੀਵਰੇਜ ਜਾਮ ਹੋਣ ਕਰਕੇ ਇਹ ਗੰਦਾ ਪਾਣੀ ਘਰਾਂ, ਗਲੀਆਂ ਤੇ ਮੁਹੱਲੇ ਵਿੱਚ ਕਈ ਥਾਵਾਂ ’ਤੇ ਖੜ੍ਹੇ ਪਾਣੀ ਵਿੱਚ ਮਿਲ ਗਿਆ। ਹੁਣ ਦਸ ਦਿਨ ਤੋਂ ਕਈ ਗਲੀਆਂ ਵਿੱਚ ਇਹ ਗੰਦਾ ਬਦਬੂ ਵਾਲਾ ਪਾਣੀ ਖੜ੍ਹਾ ਹੈ। ਇਹੀ ਗੰਦਾ ਪਾਣੀ ਗਲੀਆਂ ਵਿੱਚੋਂ ਅੱਗੇ ਲੋਕਾਂ ਦੇ ਘਰਾਂ ਵਿੱਚ ਜਮ੍ਹਾਂ ਹੋ ਗਿਆ ਜਿਸ ਕਰਕੇ ਲੋਕਾਂ ਦਾ ਬਾਹਰ ਨਿੱਕਲਣਾ ਵੀ ਔਖਾ ਹੈ। ਗਲੀਆਂ ਵਿੱਚ ਲੰਘਣ ਲਈ ਲੋਕਾਂ ਨੇ ਇੱਟਾਂ ਰੱਖੀਆਂ ਹਨ ਪਰ ਪਾਣੀ ਜ਼ਿਆਦਾ ਆ ਜਾਣ ’ਤੇ ਇਹ ਕੋਸ਼ਿਸ਼ ਵੀ ਬੇਕਾਰ ਹੋ ਜਾਂਦੀ ਹੈ। ਬੱਚਿਆਂ ਦਾ ਸਕੂਲ ਆਉਣਾ-ਜਾਣਾ, ਲੋਕਾਂ ਦਾ ਕੰਮਕਾਜ ਲਈ ਜਾਣਾ ਵੀ ਔਖਾ ਹੋ ਰਿਹਾ ਹੈ। ਵਿਕਾਸ ਦੇ ਦਾਅਵੇ ਇਸ ਮੁਹੱਲੇ ਤੋਂ ਦੂਰ ਹੀ ਹਨ। ਅਜਿਹੇ ਦਾਅਵੇ ਕਰਨ ਵਾਲੇ ਇਕ ਵਾਰ ਇੱਥੇ ਆ ਕੇ ਦੇਖਣ ਤਾਂ ਅੱਖਾਂ ਖੁੱਲ੍ਹ ਜਾਣਗੀਆਂ। ਸੱਤਾਧਾਰੀ ਛੱਡੋ ਵਿਰੋਧੀ ਵੀ ਏਧਰ ਨੂੰ ਮੂੰਹ ਨਹੀਂ ਕਰਦੇ। ਮੌਕੇ ’ਤੇ ਮੌਜੂਦ ਕੌਂਸਲਰ ਕਵਿਤਾ ਕੱਕੜ ਨੇ ਕਿਹਾ ਕਿ ਉਨ੍ਹਾਂ ਪੂਰਾ ਜ਼ੋਰ ਲਾ ਲਿਆ ਪਰ ਉਨ੍ਹਾਂ ਦੀ ਵੀ ਨਗਰ ਕੌਂਸਲ ਵਿੱਚ ਸੁਣਵਾਈ ਨਹੀਂ ਹੋ ਰਹੀ। ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜਲਦ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Advertisement

Advertisement
Advertisement
×