ਢੋਕਾ ਮੁਹੱਲੇ ਦੇ ਘਰਾਂ ਵਿੱਚ ਵੜਿਆ ਸੀਵਰੇਜ ਦਾ ਪਾਣੀ
ਕਾਂਗਰਸੀ ਕੌਂਸਲਰ ਨੇ ਪੀਡ਼ਤਾਂ ਨੂੰ ਨਾਲ ਲੈ ਕੇ ਨਿਗਮ ਦੇ ‘ਡੀ’ ਜ਼ੋਨ ਦੇ ਦਫ਼ਤਰ ਅੱਗੇ ਧਰਨਾ ਲਾਇਆ
ਸਨਅਤੀ ਸ਼ਹਿਰ ਦੇ ਢੋਕਾ ਮੁਹੱਲੇ ਵਿੱਚ ਅੱਜ ਬਿਨਾਂ ਮੀਂਹ ਤੋਂ ਹੀ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਹਾਲਾਤ ਇਹ ਹਨ ਕਿ ਗੰਦੇ ਪਾਣੀ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਤੋਂ ਬਾਅਦ ਲੋਕ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਤੇ ਕਾਂਗਰਸੀ ਕੌਂਸਲਰ ਅਰੁਣ ਸ਼ਰਮਾ ਨੂੰ ਨਾਲ ਲੈ ਕੇ ਨਗਰ ਨਿਗਮ ਡੀ ਜ਼ੋਨ ਦੇ ਦਫ਼ਤਰ ਪੁੱਜੇ। ਇੱਥੇ ਉਨ੍ਹਾਂ ਨੇ ਧਰਨਾ ਦਿੱਤਾ ਅਤੇ ਸਰਕਾਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਇੱਥੇ ਘੜੇ ਭੰਨ ਕੇ ਨਗਰ ਨਿਗਮ ਦਫ਼ਤਰ ਬਾਹਰ ਧਰਨਾ ਦਿੱਤਾ। ਕੌਂਸਲਰ ਅਰੁਣ ਸ਼ਰਮਾ ਨੇ ਨਗਰ ਨਿਗਮ ਨੂੰ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ, ਤਾਂ ਉਹ ਗਲੀਆਂ ਤੋਂ ਇਕੱਠਾ ਹੋਇਆ ਗੰਦਾ ਚਿੱਕੜ ਚੁੱਕ ਕੇ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੇ ਦਫ਼ਤਰਾਂ ਦੇ ਬਾਹਰ ਸੁੱਟਣਗੇ।
ਵਾਰਡ ਨੰਬਰ 82 ਦੇ ਕਾਂਗਰਸੀ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਲੋਕ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਹਨ। ਜੇ ਦੋ ਦਿਨ ਲਗਾਤਾਰ ਮੀਂਹ ਪੈਂਦਾ ਹੈ ਤਾਂ ਬੁੱਢੇ ਦਰਿਆ ਦਾ ਪਾਣੀ ਬੈਕ ਮਾਰ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਮੀਂਹ ਤੋਂ ਬਾਅਦ ਢੋਕਾ ਮੁਹੱਲੇ ਵਿੱਚ ਗੰਦਾ ਪਾਣੀ ਘਰਾਂ ਵਿੱਚ ਵੜ੍ਹ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਸਾਮਾਨ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸ ਦਿਨ ਪਹਿਲਾਂ ਪਏ ਮੀਂਹ ਕਾਰਨ ਮੁਹੱਲੇ ’ਚ ਰਹਿਣਾ ਔਖਾ ਹੋ ਚੁੱਕਾ ਹੈ। ਨਗਰ ਨਿਗਮ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਉਹ ਸਫ਼ਾਈ ਕਰਵਾ ਰਹੇ ਹਨ ਅਤੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਸਥਾਈ ਹੱਲ ਲੱਭ ਲਿਆ ਹੈ। ਪਰ ਢੋਕਾ ਮੁਹੱਲੇ ਦੇ ਹਾਲਾਤ ਪਹਿਲਾਂ ਨਾਲੋਂ ਵੀ ਖ਼ਰਾਬ ਹੁੰਦੇ ਜਾ ਰਹੇ ਹਨ। ਪਹਿਲਾਂ ਮੀਂਹ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਦਾ ਸੀ, ਹੁਣ ਤਾਂ ਬਿਨਾਂ ਮੀਂਹ ਤੋਂ ਹੀ ਗੰਦਾ ਪਾਣੀ ਘਰਾਂ ਵਿੱਚ ਵੜ ਗਿਆ ਹੈ। ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ, ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਧਰਨੇ ’ਤੇ ਬੈਠੇ ਪਰ ਉਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਜੇ ਕੋਈ ਹੱਲ ਨਾ ਨਿਕਲਿਆ ਤਾਂ ਉਹ ਖ਼ੁਦ ਗੰਦਗੀ ਦੀਆਂ ਬਾਲਟੀਆਂ ਲੈ ਕੇ ਨਗਰ ਨਿਗਮ ਦੇ ਚਾਰੇ ਜ਼ੋਨਾਂ ਦੇ ਦਫ਼ਤਰਾਂ ਦੇ ਬਾਹਰ ਸੁੱਟ ਦੇਣਗੇ। ਇਸ ਦੌਰਾਨ ਇਲਾਕੇ ਦੀ ਰਹਿਣ ਵਾਲੀ ਮੰਜੂ ਨੇ ਕਿਹਾ ਕਿ ਮੀਂਹ ਤੋਂ ਬਿਨਾਂ ਵੀ ਘਰਾਂ ਵਿੱਚ ਪਾਣੀ ਦਾਖ਼ਲ ਹੋ ਰਿਹਾ ਹੈ। ਗੰਦੇ ਪਾਣੀ ਦੀ ਬਦਬੂ ਕਾਰਨ ਲੋਕ ਬਿਮਾਰ ਹੋ ਰਹੇ ਹਨ।
ਲੋਕਾਂ ਦੀ ਸਮੱਸਿਆ ਜਲਦੀ ਹੱਲ ਕਰਾਂਗੇ: ਵਿਨੀਤ
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਲੋਕ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ।
ਸਫ਼ਾਈ ਸ਼ੁਰੂ ਹੋਣ ’ਤੇ ਧਰਨਾ ਚੁੱਕਿਆ
ਧਰਨ ਤੋਂ ਦੋ ਘੰਟੇ ਬਾਅਦ ਨਗਰ ਨਿਗਮ ਦੀ ਟੀਮ ਢੋਕਾ ਮੁਹੱਲੇ ਪੁੱਜੀ। ਸਫ਼ਾਈ ਕਾਮਿਆਂ ਨੇ ਸਫ਼ਾਈ ਸ਼ੁਰੂ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਖ਼ਤਮ ਕੀਤਾ।

