ਰਾਮ ਗੋਪਾਲ ਰਾਏਕੋਟੀ
ਰਾਏਕੋਟ, 5 ਜੁਲਾਈ
ਬਰਸਾਤ ਦਾ ਮੌਸਮ ਸਿਰ ’ਤੇ ਆਇਆ ਦੇਖ ਸਥਾਨਕ ਨਗਰ ਪ੍ਰਸ਼ਾਸਨ ਨੂੰ ਵੀ ਸ਼ਹਿਰ ਦੇ ਨਾਲਿਆਂ ਦੀ ਸਫਾਈ ਦਾ ਕੰਮ ਯਾਦ ਆ ਗਿਆ ਹੈ। ਕੌਂਸਲ ਨੇ ਅੱਜ ਸ਼ਹਿਰ ਵਿਚਲੇ ਗੰਦੇ ਪਾਣੀ ਦੇ ਨੱਕੋ ਨੱਕ ਭਰੇ ਨਾਲਿਆਂ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਬਰਸਾਤੀ ਮੌਸਮ ਵਿੱਚ ਥੋੜੀ ਜਿਹੀ ਬਰਸਾਤ ਨਾਲ ਹੀ ਨਗਰ ਪ੍ਰਸ਼ਾਸਨ ਦੇ ਸਫਾਈ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ ਅਤੇ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪੂਰੀ ਤਰਾਂ ਜਲ-ਥਲ ਹੋ ਜਾਂਦੇ ਹਨ। ਇਸ ਦੇ ਬਾਵਜੂਦ ਹਾਲੇ ਤੱਕ ਪ੍ਰਸ਼ਾਸਨ ਨੇ ਸ਼ਹਿਰ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਨਹੀ ਕੱਢਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਗੰਦੇ ਪਾਣੀ ਦੇ ਨਾਲੇ ਨੱਕੋ ਨੱਕ ਭਰੇ ਹੋਏ ਹਨ। ਜੇ ਬਰਸਾਤ ਇਕ ਦਮ ਜੋਰ ਫੜ੍ਹਦੀ ਹੈ ਤਾਂ ਕੌਂਸਲ ਦੀ ਇਹ ਸਫ਼ਾਈ ਮੁਹਿੰਮ ਧਰੀ ਧਰਾਈ ਰਹਿ ਜਾਵੇਗੀ।
ਇਸ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਸਫਾਈ ਦਾ ਕੰਮ ਤਾਂ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਸ਼ਹਿਰ ਦੇ ਪ੍ਰਮੁੱਖ ਨਾਲਿਆਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ। ਜੋ ਨਾਲੇ ਰਹਿ ਗਏ ਹਨ ਉਨ੍ਹਾਂ ਦੀ ਸਫ਼ਾਈ ਵੀ ਜਲਦੀ ਕਰਵਾਈ ਜਾਵੇਗੀ।
ਬਰਸਾਤੀ ਪਾਣੀ ਦੀ ਨਿਕਾਸੀ ਲਈ ਐੱਸਡੀਐੱਮ ਦਫ਼ਤਰ ਘੇਰਨ ਦਾ ਐਲਾਨ
ਸਮਰਾਲਾ (ਪੱਤਰ ਪ੍ਰੇਰਕ): ਕਈ ਦਹਾਕਿਆਂ ਤੋਂ ਨਾਲੀਆਂ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਸਮਰਾਲਾ ਸ਼ਹਿਰ ਨੂੰ ਇਸ ਵਾਰ ਦੀਆਂ ਬਰਸਾਤਾਂ ਵਿੱਚ ਡੁੱਬਣ ਤੋਂ ਬਚਾਉਣ ਲਈ ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਪਾਣੀ ਦੇ ਨਿਕਾਸ ਲਈ ਸ਼ੁਰੂ ਕੀਤਾ ਗਿਆ ਅੰਦੋਲਨ ਹੁਣ ਪੂਰੀ ਤਰਾਂ ਨਾਲ ਭਖ ਚੁੱਕਾ ਹੈ। ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਪ੍ਰਸਾਸ਼ਨ ਨੂੰ ਟੋਭੇ ਦੀ ਸਫ਼ਾਈ ਸ਼ੁਰੂ ਕਰਵਾਉਣ ਲਈ ਦਿੱਤੇ ਗਏ ਇਕ ਹਫ਼ਤੇ ਦੇ ਅਲਟੀਮੇਟਮ ਦੇ ਮੁੱਕ ਜਾਣ ਮਗਰੋਂ ਵੀ ਸੁੱਤੇ ਪਏ ਪ੍ਰਸ਼ਾਸਨ ਨੂੰ ਜਗਾਉਣ ਲਈ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਅਤੇ ਦੁਕਾਨਦਾਰਾਂ ਨੂੰ ਨਾਲ ਲੈ ਕੇ 8 ਜੁਲਾਈ ਨੂੰ ਐੱਸਡੀਐੱਮ ਸਮਰਾਲਾ ਦੇ ਦਫ਼ਤਰ ਘੇਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਸਮਰਾਲਾ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ ਸਿਹਾਲਾ, ਕਨਵੀਨਰ ਰਾਜਵਿੰਦਰ ਸਮਰਾਲਾ ਤੇ ਸਕੱਤਰ ਦੀਪ ਦਿਲਬਰ ਨੇ ਕਿਹਾ ਕਿ ਲੋਕਾਂ ਦੀ ਜਾਇਜ਼ ਮੰਗ ਨੂੰ ਅਣਦੇਖਿਆਂ ਕਰਨਾ ਪ੍ਰਸ਼ਾਸਨ ਦੀ ਨਲਾਇਕੀ ਹੈ।