ਸੀਚੇਵਾਲ ਵੱਲੋਂ ਪੀ ਯੂ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ
ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਦੀ ਡਟਵੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਵਿਰਾਸਤ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ ਤਾਂ ਜੋ ਸੂਬੇ ਵਿੱਚ ਨੌਜਵਾਨ ਲੀਡਰਸ਼ਿਪ ਪੈਦਾ ਹੋ ਸਕੇ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੇਵੇਂ ਨਗਰ ਕੀਰਤਨ ਦੀ ਸ਼ੁਰੂਆਤ ਅੱਜ ਬੁੱਢੇ ਦਰਿਆ ਕਿਨਾਰੇ ਬੂਟੇ ਲਾ ਕੇ ਕੀਤੀ। ਇਹ ਪਹਿਲਾਂ ਮੌਕਾ ਹੈ ਜਦੋਂ ਬੁੱਢੇ ਦਰਿਆ ਦੇ ਕਿਨਾਰੇ ਤੋਂ ਨਗਰ ਕੀਰਤਨ ਸਜਾਇਆ ਗਿਆ। ਭੂਖੜੀ ਦੇ ਗੁਰੂ ਘਰ ਤੋਂ ਸ਼ੁਰੂ ਨਗਰ ਕੀਰਤਨ ਗੁਰਬਾਣੀ ਦੇ ਹਵਾਲਿਆਂ ਨਾਲ ਹਵਾ, ਪਾਣੀ ਤੇ ਧਰਤੀ ਦੀ ਮਹੱਤਤਾ ਦਰਸਾਉਂਦਾ ਦੇਰ ਸ਼ਾਮ ਗੁਰਦੁਆਰਾ ਗਾਊਘਾਟ ਵਿੱਚ ਸੰਪੰਨ ਹੋਇਆ।
ਨਗਰ ਕੀਰਤਨ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਬੁੱਢੇ ਦਰਿਆ ਤੋਂ ਨਗਰ ਕੀਰਤਨ ਸ਼ੁਰੂ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਗੰਧਲੇ ਪਾਣੀਆਂ ਵੱਲ ਧਿਆਨ ਖਿੱਚਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਵੀ ਸੰਤ ਸੀਚੇਵਾਲ ਦੇ ਨਾਲ ਮਿਲ ਕੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ।
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਟੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਮੀਦ ਪ੍ਰਗਟਾਈਂ ਬੁੱਢਾ ਦਰਿਆ ਇਕ ਦਿਨ ਪਹਿਲਾਂ ਵਾਂਗ ਹੀ ਸਾਫ ਹੋਵੇਗਾ। ਉਨ੍ਹਾਂ ਕਿਹਾ ਕਿ ਭੂਖੜੀ ਖੁਰਦ ਤੋਂ ਲੈਕੇ ਸੰਗਤਘਾਟ ਤੱਕ ਬੁੱਢੇ ਦਰਿਆ ਦੇ ਪਾਣੀ ਵਿੱਚ ਵੱਡੇ ਪੱੱਧਰ ’ਤੇ ਸੁਧਾਰ ਹੋਇਆ ਹੈ।
ਸੰਤ ਸੀਚੇਵਾਲ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲ ਵਿੱਚ ਤਿੰਨ ਲੱਖ 50 ਹਾਜ਼ਾਰ ਬੂਟੇ ਲਗਾਉਣ ਦਾ ਐਲਾਨ ਕੀਤਾ। ਇਸ ਨਗਰ ਕੀਰਤਨ ਦੌਰਾਨ ਅੱਠ ਹਜ਼ਾਰ ਬੂਟੇ ਵੰਡੇ ਗਏ।
ਨਗਰ ਕੀਰਤਨ ਵਿੱਚ ਸਰਪੰਚ ਸਤਪਾਲ ਸਿੰਘ, ਬਲਵਿੰਦਰ ਸਿੰਘ, ਕਮਰਜੀਤ ਗਰੇਵਾਲ, ਤੇਗਾ ਸਿੰਘ, ਹਰਜਿੰਦਰ ਹੁੰਦਲ, ਬੂਟਾ ਸਿੰਘ, ਜਸਬੀਰ ਸਿੰਘ ਗਰੇਵਾਲ, ਨੇਕ ਸਿੰਘ ਆਦਿ ਹਾਜ਼ਰ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਕੀਰਤਨ ਨਾਲ ਜੋੜਿਆ ਗਿਆ।
