Security Arrangements : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲੀਸ ਮੁਸਤੈਦ
ਏ ਡੀ ਜੀ ਪੀ ਨੇ ਹਾਈਵੇਅ ਤੋਂ ਥਾਣਿਆਂ ਤੱਕ ਜਾਂਚ ਕੀਤੀ; ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਪੂਰੀ ਤਰ੍ਹਾਂ ਮੁਸ਼ਤੈਦ ਹੈ। ਸ਼ਹਿਰ ਦੀਆਂ ਸਰਹੱਦਾਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਤੱਕ ਸਖ਼ਤ ਪਹਿਰੇ ਵਿਚਕਾਰ ਪੁਲੀਸ ਹੈੱਡਕੁਆਰਟਰ ਦੇ ਉੱਚ ਅਧਿਕਾਰੀਆਂ ਨੇ ਖ਼ੁਦ ਮੈਦਾਨ ਵਿੱਚ ਉੱਤਰ ਕੇ ਕਮਾਨ ਸੰਭਾਲ ਲਈ ਹੈ। ਇਸੇ ਤਹਿਤ ਏ ਡੀ ਜੀ ਪੀ (ਸੁਰੱਖਿਆ) ਕੌਸਤੁਭ ਸ਼ਰਮਾ ਨੇ ਇੱਥੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਥਾਣਿਆਂ ਦੇ ਕੰਮਕਾਜ ਤੋਂ ਲੈ ਕੇ ਸ਼ਹਿਰ ਦੀਆਂ ਸਰਹੱਦਾਂ ’ਤੇ ਬਣੇ ਜਾਂਚ ਕੇਂਦਰਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਏ ਡੀ ਜੀ ਪੀ ਨੇ ਸਪੱਸ਼ਟ ਕੀਤਾ ਕਿ ਡੀ ਜੀ ਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗ਼ੈਰਸਮਾਜੀ ਅਨਸਰਾਂ ਖ਼ਿਲਾਫ਼ ਪੁਲੀਸ ਵੱਡੇ ਪੱਧਰ ’ਤੇ ਛਾਪੇ ਮਾਰ ਰਹੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਨਾਕੇ ਲਾ ਕੇ ਹਰ ਸ਼ੱਕੀ ਵਾਹਨ ਅਤੇ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ 7 ਨਾਕੇ ਅਜਿਹੇ ਹਨ ਜੋ 24 ਘੰਟੇ ਸਰਗਰਮ ਰਹਿਣਗੇ, ਜਦਕਿ 32 ਹੋਰ ਥਾਵਾਂ ’ਤੇ ਵਿਸ਼ੇਸ਼ ਨਾਕੇ ਲਾ ਕੇ ਪਲ-ਪਲ ਦੀ ਆਵਾਜਾਈ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਬੰਬ ਦੀਆਂ ਧਮਕੀਆਂ ਅਤੇ ਪੀ ਏ ਯੂ ’ਚ ਸੁਰੱਖਿਆ ਜਾਂਚ
ਹਾਲ ਹੀ ਵਿੱਚ ਮਿਲੀਆਂ ਬੰਬ ਦੀਆਂ ਧਮਕੀਆਂ ਬਾਰੇ ਏ ਡੀ ਜੀ ਪੀ (ਸੁਰੱਖਿਆ) ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪੁਲੀਸ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਧਮਕੀ ਦੇਣ ਵਾਲੇ ਅਨਸਰਾਂ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਉਨ੍ਹਾਂ ਚੰਡੀਗੜ੍ਹ-ਲੁਧਿਆਣਾ ਮਾਰਗ ’ਤੇ ਸਥਿਤ ਕਟਾਣੀ ਕਲਾਂ ਨਾਕੇ ਅਤੇ ਜਮਾਲਪੁਰ ਥਾਣੇ ਦੀ ਅਚਾਨਕ ਚੈਕਿੰਗ ਕੀਤੀ। ਇਸ ਤੋਂ ਬਾਅਦ ਪੁਲੀਸ ਲਾਈਨ ਵਿੱਚ ਗਜ਼ਟਿਡ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੁੱਜ ਕੇ ਸਟੇਜ, ਵੀ ਆਈ ਪੀ ਅਤੇ ਆਮ ਜਨਤਾ ਦੇ ਬੈਠਣ ਦੀ ਵਿਵਸਥਾ ਤੇ ਬਹੁ-ਪੱਧਰੀ ਸੁਰੱਖਿਆ ਘੇਰੇ ਦਾ ਨਿਰੀਖਣ ਕੀਤਾ।

