ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਅਕਤੂਬਰ
ਕੋਵਿਡ-19 ਕਰਕੇ ਮਾਰਚ ਮਹੀਨੇ ਤੋਂ ਬੰਦ ਹੋਏ ਸਰਕਾਰੀ ਸਕੂਲਾਂ ਵਿੱਚ ਅੱਜ ਤੋਂ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸਕੂਲ ਖੁੱਲ੍ਹਣ ਦੇ ਅੱਜ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਲਗਪਗ ਨਾ-ਮਾਤਰ ਹੀ ਰਹੀ। ਸਿਰਫ ਘੋਸ਼ਣਾ ਪੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਹੀ ਜਮਾਤਾਂ ਵਿੱਚ ਬੈਠਣ ਦੀ ਇਜ਼ਾਜ਼ਤ ਦਿੱਤੀ ਗਈ। ਕੋਵਿਡ-19 ਕਰਕੇ ਬਿਮਾਰੀ ਫੈਲਣ ਤੋਂ ਰੋਕਣ ਲਈ ਸੂਬੇ ਦੇ ਸਰਕਾਰੀ ਸਕੂਲ ਮਾਰਚ ਮਹੀਨੇ ਤੋਂ ਹੀ ਬੰਦ ਕਰ ਦਿੱਤੇ ਗਏ ਸਨ। ਇਸ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਹੀ ਪੜ੍ਹਾਈ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਟਰਾਇਲ ਦੇ ਤੌਰ ’ਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੁਧਿਆਣਾ ਵਿੱਚ ਅੱਜ ਪਹਿਲੇ ਦਿਨ ਖੁੱਲ੍ਹੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਜਦੋਂ ਸਥਾਨਕ ਪੀਏਯੂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਥਾਪਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ +1 ਅਤੇ +2 ਦੇ ਉਨ੍ਹਾਂ ਕੋਲ ਕਰੀਬ 1660 ਵਿਦਿਆਰਥੀ ਹਨ ਅਤੇ ਇਨ੍ਹਾਂ ਵਿੱਚੋਂ ਦੋ ਸ਼ਿਫਟਾਂ ਵਿੱਚ ਸਿਰਫ 130 ਵਿਦਿਆਰਥੀ ਹੀ ਆਏ ਹਨ। ਸਾਰੇ ਵਿਦਿਆਰਥੀਆਂ ਨੂੰ ਆਪਸੀ ਦੂਰੀ ਬਣਾ ਕੇ ਬਿਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿਰਫ ਉਨਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਆਉਣ ਦੀ ਇਜ਼ਾਜ਼ਤ ਦਿੱਤੀ ਗਈ ਜਿਨਾਂ ਨੇ ਮਾਪਿਆਂ ਵੱਲੋਂ ਘੋਸ਼ਣਾ ਪੱਤਰ ਜਮ੍ਹਾਂ ਕਰਵਾਏ ਸਨ। ਸ੍ਰੀ ਥਾਪਰ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਸੈਨੇਟਾਈਜ਼ਰ, ਪਾਣੀ ਦੀ ਬੋਤਲ ਲੈ ਕੇ ਆਉਣ ਅਤੇ ਮੂਹ ’ਤੇ ਮਾਸਕ ਲਗਾਉਣ ਦੀ ਹਦਾਇਤ ਦਿੱਤੀ ਗਈ ਸੀ। ਸਕੂਲ ਨੂੰ ਪਹਿਲਾਂ ਹੀ ਸੈਨੇਟਾਈਜ਼ ਕਰਵਾ ਦਿੱਤਾ ਗਿਆ ਅਤੇ ਅੱਜ ਵੀ ਵਿਦਿਆਰਥੀਆਂ ਦੀ ਸਹੂਲਤ ਲਈ ਸੈਨੇਟਾਈਜ਼ਰ ਰੱਖਿਆ ਹੋਇਆ ਸੀ, ਵਿਦਿਆਰਥੀਆਂ ਦੇ ਬੁਖਾਰ ਦੀ ਵੀ ਨਾਲੋ-ਨਾਲ ਜਾਂਚ ਕੀਤੀ ਜਾ ਰਹੀ ਸੀ।
ਸੈਨੇਟਾਈਜੇਸ਼ਨ ਦਾ ਰੱਖਿਆ ਖਾਸ ਪ੍ਰਬੰਧ
ਪਾਇਲ(ਦੇਵਿੰਦਰ ਸਿੰਘ ਜੱਗੀ): ਲੁਧਿਆਣਾ ਜ਼ਿਲ੍ਹੇ ਵਿੱਚ ਲਗਪਗ 10 ਫ਼ੀਸਦੀ ਵਿਦਿਆਰਥੀਆਂ ਨੇ ਸਕੂਲਾਂ ’ਚ ਆਪਣੀ ਹਾਜ਼ਰੀ ਭਰੀ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏਂ ਸਕੂਲ ਸਿਰਫ਼ ਨੌਵੀਂ, ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਕੂਲ ਮੁਖੀ ਵੱਲੋਂ ਲੈਟਰ ਭੇਜ ਕੇ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਪੱਤਰ ’ਤੇ ਦਸਤਖ਼ਤ ਕਰਵਾਏ ਗਏ ਸਨ, ਜਿਸ ਵਿੱਚ ਸਪਸ਼ਟ ਲਿਖਿਆ ਗਿਆ ਸੀ ਕਿ ਬੱਚੇ ਦੀ ਸਿਹਤ ਸੁਰੱਖਿਆ ਲਈ ਮਾਪੇ ਖ਼ੁਦ ਜ਼ਿੰਮੇਵਾਰ ਹੋਣਗੇ। ਪਾਇਲ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਪਾਇਲ ਦੀ ਪ੍ਰਿੰਸੀਪਲ ਜਗਰਾਜਬੀਰ ਕੌਰ ਅਤੇ ਪ੍ਰਿੰਸੀਪਲ ਕਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਪਾਇਲ ਨੇ ਦੱਸਿਆ ਕਿ ਆਉਣ ਵਾਲੇ ਦਿਨਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਵੇਗਾ। ਤਹਿਸੀਲ ਪਾਇਲ ਦੇ ਸਕੂਲਾਂ ’ਚ ਗੇਟ ’ਤੇ ਤੇ ਕਲਾਸ ਰੂਮ ਦੇ ਬਾਹਰ ਸੈਨੇਟਾਈਜ਼ਰ ਫੁੱਟ ਮਸ਼ੀਨ ਲੱਗੀ ਹੋਈ ਸੀ ਜਿਸ ਤੇ ਕੁੱਝ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ ਤਾਂ ਜੋ ਬੱਚੇ ਸੈਨੇਟਾਈਜ਼ ਕਰ ਕੇ ਅੰਦਰ ਦਾਖ਼ਲ ਹੋਣ।