ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਸਕੂਲਾਂ ਦੇ ਉਦਘਾਟਨ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਐਮੀਨੈਂਸ ਸਕੂਲ ਦੇ ਉਦਘਾਟਨ ਨੂੰ ‘ਆਪ’ ਦੇ ਵਿਧਾਇਕ ਵਿਜੈ ਕੁਮਾਰ ਪ੍ਰਤਾਪ ਸਿੰਘ ਪਹਿਲਾਂ ਹੀ ਚੁਣੌਤੀ ਦੇ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਸਕੱਤਰ ਡੀਪੀ ਮੌੜ, ਡਾ. ਅਰੁਣ ਮਿਤਰਾ, ਐੱਮਐੱਸ ਭਾਟੀਆ, ਵਿਜੈ ਕੁਮਾਰ ਅਤੇ ਵਨਿੋਦ ਕੁਮਾਰ ਨੇ ਕਿ ਅਜਿਹੇ ਸਕੂਲ ਬਣਾਉਣਾ ਸਿਧਾਂਤਕ ਤੌਰ ’ਤੇ ਗਲਤ ਹੈ। ਛੋਟੀਆਂ ਜਮਾਤਾਂ 8ਵੀਂ ਜਾਂ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਟੈਸਟ ਵਿੱਚ ਸ਼ਾਮਲ ਹੋਣਾ ਪਵੇਗਾ ਅਤੇ ਜੇਕਰ ਉਹ ਟੈਸਟ ਪਾਸ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਾ ਦਿੱਤਾ ਜਾਵੇਗਾ। ਇਹ ਅਭਿਆਸ ਕੁਝ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦੇਵੇਗਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਹਾਸ਼ੀਏ ’ਤੇ ਕਰ ਦੇਵੇਗਾ, ਜੋ ਘੱਟ ਆਰਥਿਕ ਵਰਗਾਂ ਤੋਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਕਵਾਇਦ ਨੂੰ ਬੰਦ ਕੀਤਾ ਜਾਵੇ ਅਤੇ ਸਾਰੇ ਸਕੂਲਾਂ ਦਾ ਬਰਾਬਰ ਵਿਕਾਸ ਕੀਤਾ ਜਾਵੇ।