ਅਧਿਆਪਕ ਦੇ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਸਕੂਲ ਬੰਦ

ਬੱਚਿਆਂ ਵਿੱਚ ਸਹਿਮ ਦਾ ਮਾਹੌਲ; ਡੀਈਓ ਨੇ ਤੁਰੰਤ ਜਾਰੀ ਕੀਤੇ ਹੁਕਮ

ਅਧਿਆਪਕ ਦੇ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਸਕੂਲ ਬੰਦ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੰਦ ਹੋਣ ਮਗਰੋਂ ਸਕੂਲ ਤੋਂ ਆਪੋ ਆਪਣੇ ਘਰਾਂ ਨੂੰ ਮੁੜਦੇ ਹੋਏ ਵਿਦਿਆਰਥੀ।

ਡੀਪੀਐੱਸ ਬੱਤਰਾ
ਸਮਰਾਲਾ, 27 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੱਕ ਅਧਿਆਪਕ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਨਾਲ ਜਿਥੇ ਸਕੂਲ ਨੂੰ ਇੱਕ ਹਫ਼ਤੇ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ, ਉਥੇ ਹੀ ਸਕੂਲ ਸਟਾਫ਼ ਦੇ ਕੱਲ੍ਹ ਦੁਬਾਰਾ ਟੈਸਟ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਅਧਿਆਪਕ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਕਰੋਨਾ ਪਾਜ਼ੇਟਿਵ ਅਧਿਆਪਕ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਸਕੂਲ ’ਚ ਅੱਜ ਜਿਵੇ ਹੀ ਅਧਿਆਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਪਤਾ ਚੱਲਿਆ ਤਾਂ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ‘ਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਅਧਿਆਪਕ ਦੇ ਸੰਪਰਕ ਵਿੱਚ ਕੁਝ ਵਿੱਦਿਆਰਥੀਆਂ ਦੇ ਆਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਅਤੇ ਬੱਚਿਆਂ ਦੇ ਮਾਪਿਆਂ ਅੰਦਰ ਵੀ ਚਿੰਤਾ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਸਕੂਲ ਖੁੱਲ੍ਹਣ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਕਰੋਨਾ ਜਾਂਚ ਲਈ ਟੈਸਟ ਕੀਤੇ ਜਾ ਰਹੇ ਸਨ। ਸ਼ੁਕਰਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵੀ ਸਿਹਤ ਵਿਭਾਗ ਦੀ ਟੀਮ ਨੇ ਪੁੱਜ ਕੇ ਇਥੋਂ ਦੇ ਸਾਰੇ ਸਟਾਫ਼ ਦੇ ਸੈਂਪਲ ਲਏ ਸਨ। ਇਸ ਸਕੂਲ ਵਿੱਚ ਕੁੱਲ 45 ਸਟਾਫ਼ ਮੈਂਬਰ ਹਨ ਅਤੇ ਤਿੰਨ ਦਿਨ ਬਾਅਦ ਅੱਜ ਆਈ ਰਿਪੋਰਟ ਵਿੱਚ ਇੱਕ ਅਧਿਆਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਹਫ਼ੜਾ-ਦਫੜੀ ਫੈਲ ਗਈ। ਇਹ ਅਧਿਆਪਕ ਸਕੂਲ ਖੁੱਲ੍ਹਣ ਮਗਰੋਂ ਲਗਾਤਾਰ ਸਕੂਲ ਆ ਰਿਹਾ ਸੀ ਅਤੇ ਇੱਕ ਕਲਾਸ ਦਾ ਇੰਚਾਰਜ ਹੋਣ ਕਾਰਨ ਉਸ ਵੱਲੋਂ ਰਜਿਸ਼ਟ੍ਰੇਸ਼ਨ ਦਾ ਕੰਮ ਕੀਤੇ ਜਾਣ ਕਾਰਨ ਕਈ ਵਿੱਦਿਆਰਥੀ ਵੀ ਉਸ ਦੇ ਸੰਪਰਕ ਵਿੱਚ ਆਉਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਨੂੰ ਬੰਦ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਅਗਲੇ ਬੁੱਧਵਾਰ ਤੱਕ ਸਕੂਲ ਨੂੰ ਬੰਦ ਰੱਖਦ ਦੇ ਹੁਕਮ ਦਿੱਤੇ ਹਨ।

ਇੱਕੋ ਪਰਿਵਾਰ ਦੇ ਅੱਠ ਜੀਅ ਕਰੋਨਾ ਪਾਜ਼ੇਟਿਵ

ਸਮਰਾਲਾ ਸ਼ਹਿਰ ਵਿੱਚ ਵੀ ਕਰੋਨਾ ਨੇ ਮੁੜ ਜ਼ੋਰ ਫੜ ਲਿਆ ਹੈ। ਅੱਜ ਇਥੇ ਇੱਕ ਹੀ ਪਰਿਵਾਰ ਦੇ ਅੱਠ ਮੈਂਬਰਾਂ ਦੇ ਕਰੋਨਾ ਪੀੜਿਤ ਹੋਣ ਦੀ ਪੁਸ਼ਟੀ ਹੋਈ ਹੈ। ਕੁਝ ਦਿਨ ਪਹਿਲਾ ਇੱਕ ਬੈਂਕ ਅਧਿਕਾਰੀ ਦੇ ਕੋਰੋਨਾ ਪਾਜੇਟਿਵ ਹੋਣ ‘ਤੇ ਉਸ ਬੈਂਕ ਵਿੱਚ ਕੰਮ ਕਰਦੇ ਇਸ ਪਰਿਵਾਰ ਦੇ ਮੁਖੀ ਦਾ ਵੀ ਸੈਂਪਲ ਲਿਆ ਗਿਆ ਸੀ। ਇਸ ਦੀ ਰਿਪੋਰਟ ਪਾਜ਼ੇਟਿਵ ਨਿਕਲਣ ‘ਤੇ ਜਦੋਂ ਉਸ ਦੇ ਬਾਕੀ ਪਰਿਵਾਰ ਦੇ ਟੈਸਟ ਕੀਤੇ ਗਏ ਤਾ ਸਾਰਾ ਪਰਿਵਾਰ ਹੀ ਕਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਪਰਿਵਾਰ ਦੇ ਮੈਂਬਰਾਂ ਦੀਆਂ ਅੱਜ ਆਈਆਂ ਰਿਪੋਰਟਾਂ ਵਿੱਚ ਪਰਿਵਾਰ ਮੁਖੀ ਤੋਂ ਇਲਾਵਾ ਦੋ ਔਰਤਾਂ ਸਮੇਤ ਕੁੱਲ 8 ਮੈਂਬਰ ਕਰੋਨਾ ਪੀੜਤ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਸਮਰਾਲਾ ਵਿੱਚ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All