ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਗਸਤ
ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਨੇ ਅੱਜ ਸ਼ਹਿਰ ਦੇ ਘੰਟਾ ਘਰ ਚੌਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਨਾਭਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਕੈਬਨਿਟ ’ਚੋਂ ਮੁਅੱਤਲ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਭਾਜਪਾ ਆਗੂਆਂ ਦੀ ਭੀੜ ਰਹੀ ਅਤੇ ਸਮਾਜਿਕ ਦੂਰੀ ਦੀਆਂ ਸ਼ਰੇਆਮ ਧੱਜੀਆਂ ਉੱਡੀਆਂ। ਉਧਰ ਥਾਣਾ ਕੋਤਵਾਲੀ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿਹੜੇ-ਕਿਹੜੇ ਆਗੂ ਇਸ ਧਰਨੇ ’ਚ ਸ਼ਾਮਲ ਸਨ। ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਕੈਬਨਿਟ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕੇਂਦਰ ਸਰਕਾਰ ਦੇ ਵੱਲੋਂ ਐਸ.ਸੀ. ਕੋਟੇ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇ ਜੋ 303 ਕਰੋੜ ਰੁਪਏ ਆਏ ਸਨ, ਉਸ ’ਚੋਂ 39 ਕਰੋੜ ਰੁਪਏ ਦਾ ਘਪਲਾ ਕਰ ਦਿੱਤਾ, ਜਿਸ ਦਾ ਹਿਸਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਧੂ ਸਿੰਘ ਧਰਮਸੋਤ ਖੁਦ ਇਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ ਤੇ ਖੁਦ ਹੀ ਉਨ੍ਹਾਂ ਦੇ ਪੈਸੇ ਖਾ ਰਹੇ ਹਨ।
ਉਨ੍ਹਾਂ ਤੋਂ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਪਹਿਲਾਂ ਵੀ ਇਸ ਸਰਕਾਰ ’ਤੇ ਰੇਤ ਮਾਫ਼ੀਆ ਅਤੇ ਸ਼ਰਾਬ ਦੇ ਮਾਮਲੇ ’ਚ ਦੋਸ਼ ਲੱਗੇ ਹਨ ਤੇ ਉਸ ਹਿਸਾਬ ਨਾਲ ਸਰਕਾਰ ਨੂੰ ਪੰਜਾਬ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਦੀ ਕੈਪਟਨ ਸਰਕਾਰ ਨੂੰ ਸਭ ਤੋਂ ਪਹਿਲਾਂ ਧਰਮਸੋਤ ਨੂੰ ਕੈਬਨਿਟ ’ਚੋਂ ਹਟਾ ਦੇਣਾ ਚਾਹੀਦਾ ਹੈ। ਕਈ ਘੁਟਾਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਵੀ ਨਵਾਂ ਘੁਟਾਲਾ ਸਾਹਮਣੇ ਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ’ਤੇ ਵੀ ਕਈ ਗੰਭੀਰ ਦੋਸ਼ ਲਾਏ ਹਨ। ਇਸ ਦੌਰਾਨ ਕਈ ਭਾਜਪਾ ਵਰਕਰ ਮੌਜੂਦ ਸਨ।
ਲੁਧਿਆਣਾ (ਗੁਰਿੰਦਰ ਸਿੰਘ): ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਨਿਰਦੇਸ਼ਾਂ ਤਹਿਤ ਬਸਪਾ ਦੀ ਲੁਧਿਆਣਾ ਇਕਾਈ ਵੱਲੋਂ ਐੱਸਸੀ, ਬੀਸੀ, ਘੱਟ ਗਿਣਤੀਆਂ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਘੁਟਾਲੇ ਅਤੇ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲਾਗੂ ਕਰਨ ਵਿੱਚ ਸਰਕਾਰੀ ਨਾਕਾਮੀ ਖ਼ਿਲਾਫ਼ ਅੱਜ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਆਗੂਆਂ ਨੇ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵਿਭਾਗ ਨਾਲ ਸਬੰਧਿਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕਮਜ਼ੋਰ ਵਰਗਾਂ ਦੇ ਹਿੱਤਾਂ ਨਾਲ਼ ਲਗਾਤਰ ਸਾਢੇ ਤਿੰਨ ਸਾਲਾਂ ਤੋਂ ਧੱਕਾ ਕਰਦੀ ਆ ਰਹੀ ਹੈ ਅਤੇ ਬਸਪਾ ਹੁਣ ਇਨ੍ਹਾਂ ਵਰਗਾਂ ਨਾਲ ਹੋਰ ਧੱਕਾ ਨਹੀਂ ਹੋਣ ਦੇਵੇਗੀ।
ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੀਤ ਰਾਮ ਬਸਰਾ, ਦੇਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਅਤੇ ਸੂਬਾ ਸਕੱਤਰ ਗੁਰਮੇਲ ਸਿੰਘ ਨੇ ਕਿਹਾ ਕਿ ਰਾਜਨੀਤਿਕ-ਅਫ਼ਸਰਸ਼ਾਹੀ ਭ੍ਰਿਸ਼ਟਾਚਾਰ ਦਾ ਇਹ ਗਠਜੋੜ ਐੱਸਸੀ, ਬੀਸੀ ਭਾਈਚਾਰੇ, ਘੱਟ ਗਿਣਤੀਆਂ ਅਤੇ ਗਰੀਬਾਂ ਤੇ ਖਾਸ ਤੌਰ ਤੇ ਪੰਜਾਬ ਰਾਜ ਲਈ ਚਿੰਤਾਜਨਕ ਹੈ। ਇਸ ਘੁਟਾਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਰਮੇਸ਼ ਪਾਲ, ਰਜਿੰਦਰ ਨਿੱਕਾ, ਜਸਵੀਰ ਪੌਲ, ਬਾਬਾ ਚੁੰਬਰ, ਨਿਰਮਲ ਸੋਖੀ, ਸੋਨੂੰ ਅੰਬੇਡਕਰ, ਇੰਦਰੋ ਕੁਮਾਰ, ਮੈਡਮ ਸੁਖਵਿੰਦਰ ਕੌਰ, ਲੇਖ ਰਾਜ, ਸੁਰਿੰਦਰ ਪਾਲ, ਪ੍ਰਗਣ ਬਿਲਗਾ ਆਦਿ ਵੀ ਹਾਜ਼ਰ ਸਨ।
‘ਆਪ’ ਵੱਲੋਂ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੇ ਆਮ ਆਦਮੀ ਪਾਰਟੀ ਨੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਐੱਸ.ਸੀ ਸਕਾਲਰਸ਼ਿਪ ਵਿਚ 63.91 ਕਰੋੜ ਰੁਪਏ ਦੇ ਘਪਲੇ ਦਾ ਕਸੂਰਵਾਰ ਪਾਏ ਜਾਣ ’ਤੇ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਰਿੰਦਰ ਡੇਵਿਟ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮਸੋਤ ਕੇਂਦਰ ਤੋਂ ਅਨੁਸੂਚਿਤ/ਪੱਛੜੀ ਜਾਤੀ ਦੇ ਵਿਦਿਆਰਥੀਆਂ ਲਈ ਮਿਲੀ ਰਾਸ਼ੀ 40 ਕਰੋੜ ਰੁਪਏ ਆਯੋਗ ਪ੍ਰਾਈਵੇਟ ਸੰਸਥਾਵਾਂ ਨੂੰ ਅਲਾਟ ਕਰਨ ਦਾ ਕਸੂਰਵਾਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਧਰਮਸੋਤ ਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਕੇ ਇਸ ਸਕਾਲਰਸ਼ਿਪ ਦੀ ਰਾਸ਼ੀ ਦਲਿਤ ਵਿਦਿਆਰਥੀਆਂ ਤੇ ਖ਼ਾਤਿਆਂ ਵਿੱਚ ਵਿਆਜ ਸਮੇਤ ਪਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਇਲੈਕਸ਼ਨ ਕਮਿਸ਼ਨ ਅਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਅਜਿਹੇ ਭ੍ਰਿਸ਼ਟ ਆਗੂਆਂ/ਮੰਤਰੀਆਂ ਨੂੰ ਕਿਸੇ ਵੀ ਪਾਰਟੀ ਤੋਂ ਚੋਣ ਲੜਨ ਲਈ ਪ੍ਰਵਾਨਗੀ ਨਾ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਕਾਲੀ ਸੂਚੀ ਵਿੱਚ ਪਾਇਆ ਜਾਵੇ। ਇਸ ਮੌਕੇ ‘ਆਪ’ ਦੇ ਆਗੂਆਂ ਨੇ ਵਿਸਵਾਸ਼ ਦਿਵਾਇਆ ਕਿ ਸਰਕਾਰ ਆਉਣ ’ਤੇ ਦਲਿਤ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਬੱਚਿਆਂ ਦੇ ਪੜ੍ਹਨ ਲਈ ਲੈਪਟਾਪ ਤੇ ਮੁਫ਼ਤ ਇੰਟਰਨੈੱਟ ਸੁਵਿਧਾ ਦਿੱਤੀ ਜਾਵੇਗੀ।