ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਸਤੰਬਰ
ਵੱਖ ਵੱਖ ਇਲਾਕਿਆਂ ਵਿੱਚ ਲੁਟੇਰਿਆਂ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਨਾਲ ਡਰਾ ਕੇ ਮੋਬਾਈਲ ਫੋਨ, ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ। ਇਸ ਦੌਰਾਨ ਇੱਕ ਮਾਮਲੇ ਵਿੱਚ ਪੁਲੀਸ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਲੁੱਟਿਆ ਸਮਾਨ ਬਰਾਮਦ ਕੀਤਾ ਹੈ। ਥਾਣਾ ਦੁੱਗਰੀ ਦੀ ਪੁਲੀਸ ਨੂੰ ਅਮਿਤ ਕੁਮਾਰ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਫੇਸ-3 ਨੇ ਦੱਸਿਆ ਹੈ ਕਿ ਉਹ ਯੈੱਸ ਬੈਂਕ ਦੁੱਗਰੀ ਤੋਂ ਛੁੱਟੀ ਕਰਕੇ ਸ਼ਾਮ 6 ਕੁ ਵਜੇ ਆਪਣੇ ਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਨੀਤੂ ਬੇਕਰੀ ਸੂਆ ਰੋਡ ਕੋਲ ਦੋ ਨਾਮਾਲੂਮ ਲੜਕੇ ਐਕਟਿਵਾ ’ਤੇ ਆਏ ਤੇ ਦਾਤਰ ਨਾਲ ਡਰਾ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ।
ਦੂਜੇ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਨਿਤੀਸ਼ ਪਾਂਡੇ ਵਾਸੀ ਸਾਹਨੇਵਾਲ ਨੇ ਦੱਸਿਆ ਹੈ ਕਿ ਉਹ ਰਾਤ 11 ਵਜੇ ਦੇ ਕਰੀਬ ਆਪਣੇ ਦੋਸਤ ਵਿਨੋਦ ਕੁਮਾਰ ਨਾਲ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਤਾਂ ਸੁਰਜੀਤ ਸਿਨੇਮਾ ਚੌਕ ਲਾਗੇ ਛੇ ਹਥਿਆਰਬੰਦ ਲੜਕੇ ਉਨ੍ਹਾਂ ਦਾ ਮੋਟਰਸਾਈਕਲ ਅਤੇ ਦੋਸਤ ਵਿਨੋਦ ਕੁਮਾਰ ਦਾ ਪਰਸ, ਜਿਸ 6000 ਰੁਪਏ ਤੇ ਦਸਤਾਵੇਜ਼ ਸਨ ਖੋਹ ਕੇ ਫਰਾਰ ਹੋ ਗਏ। ਥਾਣੇਦਾਰ ਰਘੁਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਸੰਦੀਪ ਵਾਸੀ ਬਲਾਕ ਡੀ ਡਾਬਾ, ਅਸਮ ਖਾਨ ਤੇ ਸੋਨੂ ਦੋਵੇਂ ਵਾਸੀ ਜਸਪਾਲ ਬਾਂਗਰ ਤੇ ਮਨੀਸ਼ ਵਾਸੀ ਮਹਾਦੇਵ ਨਗਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਆਧਾਰ ਕਾਰਡ, ਏਟੀਐਮ ਕਾਰਡ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।