ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਰਵਿੰਦਰ ਕੌਰ ਨੇ ‘ਇੱਕ ਬੂਟਾ ਮਾਂ ਦੇ ਨਾਂ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ ਅਵਾਣਾ ਤੇ ਦਾਖਾ ਬਲਾਕ ਲੁਧਿਆਣਾ -2 ਵਿੱਚ ਬੂਟੇ ਲਾਏ। ਇਸ ਮੌਕੇ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਲੁਧਿਆਣਾ ਦੇ ਪ੍ਰਾਇਮਰੀ ਸਕੂਲਾਂ ’ਚ ਬਹੁਤ ਹੀ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ। ਵਿਦਿਆਰਥੀਆਂ ਨੂੰ ਅਪਣੀ ਮਾਂ ਨੂੰ ਯਾਦ ਕਰਦਿਆਂ ਇੱਕ ਬੂਟਾ ਲਾ ਕੇ ਸਫ਼ਲ ਬਣਾ ਰਹੇ ਹਨ। ਵਿਦਿਆਰਥੀਆਂ ਨੂੰ ਉਸ ਪੌਦੇ ਨੂੰ ਪਾਣੀ ਅਤੇ ਖਾਦ ਆਦਿ ਪਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਬੂਟਿਆਂ ਨਾਲ ਸਾਂਝ ਬਣ ਸਕੇ।
ਮਿਸ਼ਨ ਸਮਰੱਥ ਦੀ ਮਿਡ ਟੈਸਟਿੰਗ ’ਚ ਟੀਚੇ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਕੇਂਦਰਿਤ ਕਰਨ ਲਈ ਅਤੇ ਦਾਖ਼ਲਾ ਮੁਹਿੰਮ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਦਾਖਾ ਚ ਸਫ਼ਾਈ ਪ੍ਰਬੰਧ ਵਧੀਆ ਪਾਇਆ ਗਿਆ। ਪੌਦੇ ਦਾ ਨਾਮ ਚੇਤੇ ਰੱਖਣ ਲਈ ਸਥਾਨਕ ਨਾਮ, ਬੋਟਨੀਕਲ ਨਾਮ ਦੀਆਂ ਪਲੇਟਾਂ ਲਿਖਣ ਲਈ ਕਿਹਾ ਗਿਆ। ਇਸ ਮੌਕੇ ਬੀਪੀਈਓ ਪਰਮਜੀਤ ਸਿੰਘ, ਬਲਾਕ ਕੋਆਰਡੀਨੇਟਰ ਜਗਜੀਤ ਸਿੰਘ ਝਾਂਡ, ਬੀ. ਆਰ. ਸੀ. ਸੁਖਦਰਸ਼ਨ ਸਿੰਘ, ਸੀ. ਐਚ. ਟੀ. ਸ਼ਰਨਜੀਤ ਕੌਰ, ਹੈੱਡ ਟੀਚਰ ਅਨਿਲ ਮਠਾਰੂ ਤੇ ਹੋਰ ਅਧਿਆਪਕ ਹਾਜ਼ਰ ਸਨ।