ਮਿਸ਼ਨ ‘ਇੱਕ ਜੱਜ, ਇੱਕ ਰੁੱਖ’ ਤਹਿਤ ਜ਼ਿਲ੍ਹਾ ਕਚਹਿਰੀਆਂ ’ਚ ਬੂਟੇ ਲਾਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਦੇ ਸਮੂਹ ਜੱਜਾਂ ਵੱਲੋਂ ‘ਇੱਕ ਜੱਜ, ਇੱਕ ਰੁੱਖ’ ਮੁਹਿੰਮ ਤਹਿਤ ਇੱਕ-ਇੱਕ ਬੂਟਾ ਲਗਾਇਆ ਗਿਆ।
ਇਹ ਪੌਦੇ ਜੱਜਾਂ ਦੇ ਰਿਹਾਇਸ਼ੀ ਖੇਤਰ ਵਿੱਚ ਵਿੱਚ ਲਗਾਏ ਗਏ। ਜਾਣਕਾਰੀ ਅਨੁਸਾਰ ਪੂਰੇ ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਅਤੇ ਵੱਧ ਤੋਂ ਵੱਧ ਸਾਫ ਸੁਥਰਾ ਰੱਖ ਸਕੀਏ। ਇਸ ਪ੍ਰੋਗਰਾਮ ਦੌਰਾਨ ਪੌਦੇ ਲਗਾਉਣ ਮੌਕੇ ਸਮੂਹ ਜੱਜਾਂ ਨੇ ਕਿਹਾ ਕਿ ਉਹ ਕਾਨੂੰਨ ਦੇ ਰਖਵਾਲੇ ਅਤੇ ਨਿਆਂ ਦੇ ਰਖਵਾਲੇ ਹੋਣ ਦੇ ਨਾਤੇ, ਸਿਰਫ਼ ਲੋਕਾਂ ਦੇ ਅਧਿਕਾਰਾਂ ਦੇ ਹੀ ਨਹੀਂ ਸਗੋਂ ਕੁਦਰਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਦੇ ਹਨ। ਇਸ ਤੋਂ ਇਲਾਵਾ ਸਬ-ਡਵੀਜ਼ਨ ਸਮਰਾਲਾ, ਖੰਨਾ, ਪਾਇਲ ਅਤੇ ਜਗਰਾਓਂ ਵਿਖੇ ਵੀ ਜੱਜਾਂ ਵੱਲੋਂ ਕੋਰਟ ਕੰਪਲੈਕਸ ਵਿੱਚ ਵੀ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।