Sant Balbir Singh Seechewal: ਡੇਅਰੀਆਂ ਦਾ ਪਾਣੀ ਹੁਣ ਬੁੱਢਾ ਦਰਿਆ ’ਚ ਨਹੀਂ ਪਵੇਗਾ
ਰਾਜ ਸਭਾ ਮੈਂਬਰ ਸੀਚੇਵਾਲ, ਮੇਅਰ ਅਤੇ ਵਿਧਾਇਕ ਵੱਲੋਂ ਸਖ਼ਤ ਹਦਾਇਤਾਂ ਜਾਰੀ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਨਗਰ ਨਿਗਮ ਨੇ ਹੁਣ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਤਾਜਪੁਰ ਰੋਡ ਸਥਿਤ ਡੇਅਰੀ ਕੰਪਲੈਕਸ ਦੇ ਸੰਚਾਲਕਾਂ ਨਾਲ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਦਰਿਆ ਜਾਂ ਸੀਵਰੇਜ ਪਾਈਪਾਂ ਵਿੱਚ ਗੋਹਾ ਵਹਾਉਣਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼ਿੰਗਾਰ ਸਿਨੇਮਾ ਨੇੜੇ ਨਗਰ ਨਿਗਮ ਦੇ ਜ਼ੋਨ-ਬੀ ਦਫ਼ਤਰ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਮਾਲਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਬੁੱਢੇ ਦਰਿਆ ਅਤੇ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਵਿੱਚ ਗੋਹਾ ਸੁੱਟਣ ਦੀ ਪੁਰਾਣੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨਾ ਸੀ। ਪ੍ਰਸ਼ਾਸਨ ਨੇ ਡੇਅਰੀ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਗੋਹਾ ਨਾਲੀਆਂ ਜਾਂ ਦਰਿਆ ਵਿੱਚ ਨਾ ਵਹਾਉਣ, ਸਗੋਂ ਇਸ ਨੂੰ ਨਗਰ ਨਿਗਮ ਵੱਲੋਂ ਨਿਯੁਕਤ ਕੀਤੇ ਠੇਕੇਦਾਰ ਹਵਾਲੇ ਕਰਨ। ਮੀਟਿੰਗ ਦੌਰਾਨ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਪ੍ਰਸਤਾਵਿਤ ਬਾਇਓਗੈਸ ਪਲਾਂਟਾਂ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ’ਤੇ ਵੀ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸੀਵਰੇਜ ਪਾਈਪਾਂ ਵਿੱਚ ਗੋਹਾ ਜਮ੍ਹਾਂ ਹੋਣ ਕਾਰਨ ਸੀਵਰੇਜ ਟਰੀਟਮੈਂਟ ਪਲਾਂਟ (ਐੱਸ ਟੀ ਪੀ) ਅਤੇ ਐਫ਼ਲੂਐਂਟ ਟਰੀਟਮੈਂਟ ਪਲਾਂਟ (ਈ ਟੀ ਪੀ) ਦੀ ਕਾਰਜਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਨਿਗਮ ਦੀਆਂ ਟੀਮਾਂ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਜਮ੍ਹਾਂ ਗੋਹੇ ਦੀ ਮੁਕੰਮਲ ਸਫ਼ਾਈ ਕਰਨਗੀਆਂ। ਇਸ ਤੋਂ ਬਾਅਦ ਜੇ ਕੋਈ ਵੀ ਵਿਅਕਤੀ ਗਲੀਆਂ ਜਾਂ ਸੀਵਰੇਜ ਵਿੱਚ ਗੋਹਾ ਵਹਾਉਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਜੁਰਮਾਨੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੀਚੇਵਾਲ ਖ਼ਿਲਾਫ਼ ਧਰਨਾ
ਇੱਕ ਪਾਸੇ ਜਿੱਥੇ ਜ਼ੋਨ-ਬੀ ਦਫ਼ਤਰ ਵਿੱਚ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਉੱਚ-ਪੱਧਰੀ ਮੀਟਿੰਗ ਚੱਲ ਰਹੀ ਸੀ, ਉੱਥੇ ਹੀ ਨਾਲੇ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਵਾਰਡ ਨੰਬਰ 82 ਤੋਂ ਕੌਂਸਲਰ ਅਰੁਣ ਸ਼ਰਮਾ ਇਲਾਕਾ ਵਾਸੀਆਂ ਸਣੇ ਦਫ਼ਤਰ ਬਾਹਰ ਧਰਨੇ ’ਤੇ ਬੈਠ ਗਏ। ਕੌਂਸਲਰ ਅਰੁਣ ਸ਼ਰਮਾ ਨੇ ਦੋਸ਼ ਲਾਇਆ ਕਿ ਉਹ ਦਰਿਆ ਦੀ ਸਫ਼ਾਈ ਦੇ ਖ਼ਿਲਾਫ਼ ਨਹੀਂ ਹਨ, ਪਰ ਸਰਕਾਰ ਕੋਲ ਅਜਿਹੀ ਕੋਈ ਠੋਸ ਨੀਤੀ ਨਹੀਂ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਕੰਮ ਨੇਪਰੇ ਚੜ੍ਹ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸੰਤ ਸੀਚੇਵਾਲ ਦੇ ਕਹਿਣ ’ਤੇ ਅਧਿਕਾਰੀ ਪਾਣੀ ਦਾ ਵਹਾਅ ਰੋਕ ਦਿੰਦੇ ਹਨ, ਜਿਸ ਕਾਰਨ ਢੋਕਾ ਮੁਹੱਲਾ ਵਿੱਚ ਬਿਨਾਂ ਮੀਂਹ ਪਏ ਹੀ ਨਾਲੇ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ-ਘਰਾਂ ਵਿੱਚ ਆ ਜਾਂਦਾ ਹੈ। ਗੰਦਾ ਪਾਣੀ ਬੈਕ ਮਾਰਨ ਕਾਰਨ ਇਲਾਕੇ ਵਿੱਚ ਮਹਾਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਪਿਛਲੇ 50 ਸਾਲਾਂ ਤੋਂ ਵਸੇ ਲੋਕਾਂ ਦੀ ਗੱਲ ਨਿਗਮ ਅਧਿਕਾਰੀ ਨਹੀਂ ਸੁਣ ਰਹੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਢੋਕਾ ਮੁਹੱਲਾ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

