Sanitation Workers Recruitment: ਸਫ਼ਾਈ ਮੁਲਾਜ਼ਮਾਂ ਦੀ ਭਰਤੀ ਵਿਵਾਦਾਂ ’ਚ
ਭਾਜਪਾ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ; ਅੱਜ ਮੁਜ਼ਾਹਰਾ ਕਰਨ ਦਾ ਐਲਾਨ
ਭਾਜਪਾ ਨੇ ਨਗਰ ਨਿਗਮ ਵਿੱਚ ਆਊਟਸੋਰਸ ਰਾਹੀਂ ਭਰਤੀ ਕੀਤੇ 1208 ਸਫਾਈ ਮੁਲਾਜ਼ਮਾ ਦੀ ਭਰਤੀ ’ਤੇ ਸਵਾਲ ਖੜ੍ਹੇ ਕਰਦਿਆਂ ਨਿਗਮ ਦੀ ਸਫ਼ਾਈ ਪ੍ਰਣਾਲੀ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਅੱਜ ਇਥੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਨੇ ਕਿਹਾ ਕਿ ਸਫ਼ਾਈ ਮੁਲਾਜ਼ਮਾ ਦੀ ਭਰਤੀ ਸਬੰਧੀ ਉੱਚ ਪਧਰੀ ਜਾਂਚ ਕਰ ਕੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਨਗਰ ਨਿਗਮ ਵੱਲੋਂ 1208 ਸਫ਼ਾਈ ਸੇਵਕ ਨਿਯੁਕਤ ਕੀਤੇ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਕਰਮਚਾਰੀ ਕਿੱਥੇ-ਕਿੱਥੇ ਨਿਯੁਕਤ ਕੀਤੇ ਗਏ ਹਨ ਅਤੇ ਕਿਨ੍ਹਾਂ ਵਾਰਡਾਂ ਵਿੱਚ ਸਫ਼ਾਈ ਦਾ ਕੰਮ ਕਰ ਰਹੇ ਹਨ ਇਸ ਦਾ ਕਿਸੇ ਵੀ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਕਰੋੜਾਂ ਰੁਪਏ ਹਰ ਮਹੀਨੇ ਤਨਖਾਹ ਦੇ ਦਿੱਤੇ ਜਾ ਰਹੇ ਹਨ ਪਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਵਿੱਚ ਕੋਈ ਵੀ ਸੁਧਾਰ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੂੰ ਵੀ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਵਾਰਡ ਵਿੱਚ ਕਿੰਨੇ ਨਵੇਂ ਭਰਤੀ ਹੋਏ ਸਫ਼ਾਈ ਮੁਲਾਜ਼ਮ ਕੰਮ ਕਰ ਰਹੇ ਹਨ। ਉਨ੍ਹਾਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ‘ਆਪ’ ਸਰਕਾਰ ਨੇ ਇਸ ਸਬੰਧੀ ਕੁਝ ਨਾ ਕੀਤਾ ਤਾਂ ਪੰਜਾਬ ਵਿੱਚ ਅਗਲੀ ਬਣਨ ਵਾਲੀ ਭਾਜਪਾ ਸਰਕਾਰ ਇਸ ਸਾਰੇ ਮਾਮਲੇ ਦੀ ਉੱਚ ਪਧਰੀ ਜਾਂਚ ਕਰਾ ਕੇ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ 6 ਅਕਤੂਬਰ ਨੂੰ ਮੇਅਰ ਹਾਊਸ ਵਿੱਚ ਹੋ ਰਹੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਮੁਜ਼ਾਹਰਾ ਕੀਤਾ ਜਾਵੇਗਾ ਅਤੇ 1208 ਸਫ਼ਾਈ ਮੁਲਾਜ਼ਮਾਂ ਦੀ ਭਰਤੀ ਦਾ ਪੂਰਾ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਪੂਨਮ ਰੱਤੜਾ, ਰੋਹਿਤ ਸਿੱਕਾ, ਸੀਨੂ ਚੁੱਗ, ਹਰਸ਼ ਸ਼ਰਮਾ, ਕੈਲਾਸ਼ ਚੌਧਰੀ, ਡਾਕਟਰ ਸਤੀਸ਼ ਕੁਮਾਰ ਅਤੇ ਵਿੱਕੀ ਸਹੋਤਾ ਹਾਜ਼ਰ ਸਨ।

